ਹਰਜੀਤ ਸਿੰਘ
ਡੇਰਾਬੱਸੀ, 21 ਜੂਨ
ਨਗਰ ਕੌਂਸਲ ਦੀ ਅਹਿਮ ਮੀਟਿੰਗ ਪ੍ਰਧਾਨ ਰਣਜੀਤ ਸਿੰਘ ਰੈਡੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸਰਬਸੰਮਤੀ ਨਾਲ 41 ਕਰੋੜ 42 ਲੱਖ ਰੁਪਏ ਦਾ ਬਜਟ ਪਾਸ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਰਣਜੀਤ ਸਿੰਘ ਰੈਡੀ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਬਜਟ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਲਈ ਵੱਖਰੇ ਤੌਰ ’ਤੇ ਮੀਟਿੰਗ ਕੀਤੀ ਗਈ। ਇਸ ਦੌਰਾਨ ਸ਼ਹਿਰ ਦੇ ਸਮੂਹ 19 ਵਾਰਡਾਂ ਲਈ ਵਿਕਾਸ ਲਈ 8 ਕਰੋੜ ਰੁਪਏ ਦੇ ਮਤੇ ਪਾਸ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ਨੂੰ ਹਰਾ ਭਰਾ ਅਤੇ ਪ੍ਰਦੂਸ਼ਣ ਮੁਕਤ ਬਣਾਉਣ ਲਈ ਕੌਂਸਲ ਦੀ ਹੱਦ ਵਿੱਚ ਪੈਂਦੇ ਪਿੰਡਾਂ ਦੀ ਖਾਲੀ ਪਈ ਬੰਜਰ ਜ਼ਮੀਨਾਂ ਵਿੱਚ ਬੂਟੇ ਲਾਉਣ ਦਾ ਮਤਾ ਪਾਸ ਕੀਤਾ ਗਿਆ। ਵਾਰਡ ਨੰਬਰ 17 ’ਚ ਪੈਂਦੇ ਪਿੰਡ ਈਸਾਪੁਰ ’ਚ ਟੋਭੇ ਦਾ ਸੁੰਦਰੀਕਰਨ ਕਰਕੇ ਪਾਰਕ ਵਿਕਸਤ ਕਰਨ ਦਾ ਮਤਾ ਪਾਸ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਟੋਭੇ ਦਾ ਸੁੰਦਰੀਕਰਨ ਇੰਜ ਕੀਤਾ ਜਾਏਗਾ ਜਿਸ ’ਚ ਲੋਕ ਸੈਰ ਕਰਨਗੇ। ਅਕਾਲੀ ਦਲ ਦੇ ਕੌਂਸਲਰ ਮਨਵਿੰਦਰ ਸਿੰਘ ਟੋਨੀ ਰਾਣਾ ਅੇ ਹਰਵਿੰਦਰ ਸਿੰਘ ਪਿੰਕਾ ਨੇ ਸ਼ਹਿਰ ’ਚ ਵਧ ਰਹੇ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਚੁੱਕਦੇ ਹੋਏ ਇਸ ਨਾਲ ਆ ਰਹੀ ਪ੍ਰੇਸ਼ਾਨੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਨਾਲ ਰੋਜ਼ਾਨਾ ਸ਼ਹਿਰ ਵਿੱਚ ਹਾਦਸੇ ਵਾਪਰ ਰਹੇ ਹਨ। ਉਨ੍ਹਾਂ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਵਿੱਚ ਥਾਂ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਸ਼ਹਿਰ ਵਿੱਚ ਪਾਣੀ ਦੀ ਵਧ ਰਹੀ ਕਿੱਲਤ ਦੀ ਸਮੱਸਿਆ ਨੂੰ ਚੁੱਕਦੇ ਹੋਏ ਇਸਦਾ ਹੱਲ ਕਰਨ ਦੀ ਮੰਗ ਕੀਤੀ। ਕੌਂਸਲ ਪ੍ਰਧਾਨ ਰੈਡੀ ਨੇ ਇਨ੍ਹਾਂ ਸਮੱਸਿਆਵਾਂ ਨੂੰ ਛੇਤੀ ਹੱਲ ਕਰਨ ਦਾ ਭਰੋਸਾ ਦਿੱਤਾ।