ਮੁੱਖ ਅੰਸ਼
- ਪੰਜਵੀਂ ਵਾਰ ਕਿਸਮਤ ਅਜ਼ਮਾ ਰਹੇ ਕਾਂਗਰਸੀ ਉਮੀਦਵਾਰ ਦੀਪਇੰਦਰ ਸਿੰਘ ਢਿਲੋਂ
- ਆਪ ਦੇ ਕੁਲਜੀਤ ਰੰਧਾਵਾ, ਭਾਜਪਾ ਦੇ ਸੰਜੀਵ ਖੰਨਾ, ਐਸਐਸਐਮ ਦੇ ਅਵਤਾਰ ਸਿੰਘ ਨਵੇਂ ਚਿਹਰੇ
ਸਰਬਜੀਤ ਸਿੰਘ ਭੱਟੀ
ਲਾਲੜੂ, 7 ਫਰਵਰੀ
ਵਿਧਾਨ ਸਭਾ ਹਲਕਾ ਡੇਰਾਬਸੀ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਬਾਕੀ ਸਾਰੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣਿਆਂ ਦਾ ਹੀ ਡਰ ਸਤਾ ਰਿਹਾ ਹੈ।
ਹਲਕੇ ਤੋਂ ਐਂਤਕੀ ਇਕ ਦਰਜਨ ਤੋਂ ਵੱਧ ਉਮੀਦਵਾਰ ਆਪੋ ਆਪਣੀ ਕਿਸਮਤ ਅਜ਼ਮਾ ਰਹੇ ਹਨ। ਅਕਾਲੀ-ਬਸਪਾ ਉਮੀਦਵਾਰ ਐਨਕੇ ਸ਼ਰਮਾ ਤੀਜੀ ਵਾਰ ਹਲਕੇ ਤੋਂ ਚੋਣ ਲੜ ਰਹੇ ਹਨ ਤੇ ਮੌਜੂਦਾ ਵਿਧਾਇਕ ਵੀ ਹਨ। ਪਿਛਲੀਆਂ ਚੋਣਾਂ ਵਿੱਚ ਉਨ੍ਹਾਂ ਆਪਣੇ ਮੁੱਖ ਵਿਰੋਧੀ ਕਾਂਗਰਸ ਦੇ ਦੀਪਇੰਦਰ ਢਿਲੋਂ ਨੂੰ ਕਰੀਬ 1800 ਵੋਟਾਂ ਨਾਲ ਮਾਤ ਦਿੱਤੀ ਸੀ। ਸ੍ਰੀ ਢਿਲੋੋਂ ਤਿੰਨ ਵਾਰ ਵਿਧਾਨ ਸਭਾ ਤੇ ਇਕ ਵਾਰ ਲੋਕ ਸਭਾ ਦੀ ਸੀਟ ਹਾਰ ਚੁੱਕੇ ਹਨ ਤੇ ਪਿਛਲੇ ਢਾਈ ਦਹਾਕੇ ਤੋਂ ਹਲਕੇ ਵਿੱਚ ਸਰਗਰਮ ਹਨ ਪਰ ਅਜੇ ਤੱਕ ਜਿੱਤ ਨਸੀਬ ਨਹੀਂ ਹੋਈ। ਇਸ ਤੋਂ ਇਲਾਵਾ ਹਲਕੇ ’ਚ ਅਕਾਲੀ-ਬਸਪਾ ਉਮੀਦਵਾਰ ਐਨਕੇ ਸ਼ਰਮਾ ਇਕੋ ਇਕ ਅਜੀਹੇ ਉਮੀਦਵਾਰ ਹਨ, ਜਿਨ੍ਹਾਂ ਦਾ ਆਪਣੀ ਪਾਰਟੀ ਵਿੱਚ ਕੋਈ ਵਿਰੋਧ ਨਹੀਂ।
ਦੂਜੇ ਪਾਸੇ ਸਥਾਨਕ ਕਾਂਗਰਸੀ ਆਗੂਆਂ ਤੇ ਵਰਕਰਾਂ ਵਲੋਂ ਕਾਂਗਰਸੀ ਉਮੀਦਵਾਰ ਸ੍ਰੀ ਢਿਲੋਂ ਦਾ ਖੁਲ੍ਹੇਆਮ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਸੈਂਕੜੇ ਨਾਮਵਰ ਕਾਂਗਰਸੀ ਹੁਣ ਤੱਕ ਅਕਾਲੀ ਦਲ ਅਤੇ ਆਪ ਵਿੱਚ ਸ਼ਾਮਲ ਹੋ ਚੁੱਕੇ ਹਨ। ਹਲਕੇ ਦੇ ਵੱਡੇ ਕਾਂਗਰਸੀ ਚੇਹਰੇ ਜਿਨ੍ਹਾਂ ਵਿੱਚ ਜਸਪਾਲ ਸਿੰਘ ਜ਼ੀਰਕਪੁਰ, ਚਰਨਜੀਤ ਸਿੰਘ ਟਿਵਾਣਾ, ਰਾਹੁਲ ਕੋਸ਼ਿਕ, ਅਮਰਿੰਦਰ ਸਿੰਘ ਰਾਜੂ, ਅਜੈਬ ਸਿੰਘ ਦੱਪਰ, ਬਲਬੀਰ ਸਿੰਘ ਮਹਿਮਦਪੁਰ, ਸੰਜੀਵ ਬੋਬੀ ਮੁਬਾਰਕਪੁਰ ਸਮੇਤ ਦਰਜਨਾਂ ਕਾਂਗਰਸੀ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
ਇਸੇ ਤਰ੍ਹਾਂ ਆਪ ਦੇ ਉਮੀਦਵਾਰ ਜੋ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਛੱਡ ਕੇ ਆਪ ਵਿੱਚ ਸ਼ਾਮਲ ਹੋਏ ਸਨ, ਨੂੰ ਟਿਕਟ ਦੇਣ ਦਾ ਪੁਰਾਣੇ ਆਪ ਆਗੂਆਂ ਵਲੋਂ ਵਿਰੋਧ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਆਪ ਦੀ ਟਿਕਟ ਦੇ ਪ੍ਰਮੁੱਖ ਦਾਅਵੇਦਾਰ ਨਵਜੋਤ ਸਿੰਘ ਸੈਣੀ ਵੀ ਸ਼ਾਮਲ ਹਨ। ਜਿਨ੍ਹਾਂ ਨੇ ਸ੍ਰੀ ਰੰਧਾਵਾ ਖਿਲਾਫ ਝੰਡਾ ਚੁੱਕਿਆ ਹੋਇਆ ਹੈ।
ਭਾਜਪਾ ਵਿੱਚ ਵੀ ਸੱਭ ਅੱਛਾ ਨਹੀਂ ਹੈ, ਪਾਰਟੀ ਉਮੀਦਵਾਰ ਸੰਜੀਵ ਖੰਨਾ ਨੂੰ ਟਿਕਟ ਮਿਲਣ ਤੇ ਸਥਾਨਕ ਭਾਜਪਾ ਆਗੂਆਂ ਨੇ ਕਾਫੀ ਵਿਰੋਧ ਕੀਤਾ ਅਤੇ ਕਈਆਂ ਨੇ ਭਾਜਪਾ ਨੂੰ ਅਲਵਿਦਾ ਹੀ ਆਖ ਦਿੱਤਾ। ਇਸ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਵਲੋਂ ਪਹਿਲਾਂ ਟਿਕਟ ਆਪ ਤੋਂ ਬਾਗੀ ਹੋਏ ਨਵਜੋਤ ਸੈਣੀ ਨੂੰ ਦਿੱਤੀ ਸੀ, ਪਰ ਉਨ੍ਹਾਂ ਐਨ ਮੌਕੇ ’ਤੇ ਚੋਣ ਲੜਨ ਤੋਂ ਮਨਾ ਕਰ ਦਿੱਤਾ ਅਤੇ ਹੁਣ ਟਿਕਟ ਅਵਤਾਰ ਸਿੰਘ ਜਵਾਹਰਪੁਰ ਨੂੰ ਦਿੱਤੀ ਗਈ ਹੈ।