ਸਰਬਜੀਤ ਸਿੰਘ ਭੱਟੀ
ਲਾਲੜੂ, 18 ਅਕਤੂਬਰ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਆਈਟੀਆਈ ਚੌਕ ’ਤੇ ਲਾਲ ਬੱਤੀ ਦੀ ਉਲੰਘਣਾ ਕਰਕੇ ਲੰਘਣ ਵਾਲੀ ਹਰਿਆਣਾ ਰੋਡਵੇਜ਼ ਬੱਸ ਦੀ ਲਪੇਟ ’ਚ ਆਉਣ ਤੋਂ ਦੋਪਹੀਆ ਸਵਾਰ ਵਾਲ-ਵਾਲ ਬੱਚ ਗਏ। ਰੋਹ ’ਚ ਆਏ ਲਾਲੜੂ ਵਾਸੀਆਂ ਨੇ ਇਕੱਠੇ ਹੋ ਕੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਸਮੇਤ ਹੋਰ ਟਰੈਫਿਕ ਰੋਕੀ। ਉਨ੍ਹਾਂ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨੂੰ ਬੁਲਾ ਕੇ ਲਾਲ ਬੱਤੀ ਦੀ ਉਲੰਘਣਾ ਕਰਨ ਵਾਲੀਆਂ ਬੱਸਾਂ ਤੇ ਹੋਰ ਵਾਹਨਾਂ ਦੇ ਚਲਾਨ ਕਰਵਾਏ।
ਪਿੰਡ ਵਾਸੀਆਂ ਨੇ ਦੱਸਿਆ ਕਿ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਆਈਟੀਆਈ ਚੌਕ ਵਿੱਚ ਲੱਗੀਆਂ ਟਰੈਫਿਕ ਲਾਈਟਾਂ ਕਾਰਨ ਡਿਵਾਈਡਰ ’ਤੇ ਬੱਸ ਚੜ੍ਹਾ ਕੇ ਸਰਵਿਸ ਰੋਡ ’ਤੇ ਲਿਆਂਦੇ ਹਨ, ਉਸ ਤੋਂ ਬਾਅਦ ਤੇਜ਼ ਰਫਤਾਰ ਅਤੇ ਲਾਪਰਵਾਹੀ ਨਾਲ ਬੱਸਾਂ ਭਜਾ ਲੈਂਦੇ ਹਨ, ਜਿਸ ਕਾਰਨ ਸੜਕ ਹਾਦਸੇ ਵਾਪਰੇ ਹਨ ਅਤੇ ਕਈ ਹੋਣ ਤੋਂ ਵੀ ਵਾਲ ਵਾਲ ਬਚੇ ਹਨ। ਲੋਕਾਂ ਨੇ ਟਰੈਫਿਕ ਪੁਲੀਸ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾ ਕਿਹਾ ਕਿ ਜਿਸ ਦਿਨ ਤੋਂ ਆਈ.ਟੀ.ਆਈ ਚੌਕ ਵਿੱਚ ਟਰੈਫਿਕ ਲਾਈਟਾਂ ਲੱਗੀਆਂ ਹਨ, ਉਸ ਦਿਨ ਤੋਂ ਸੜਕ ਹਾਦਸੇ ਵਾਪਰ ਰਹੇ ਹਨ, ਵਾਹਨ ਚਾਲਕ ਟਰੈਫਿਕ ਲਾਈਟਾ ਦੀ ਉਲੰਘਣਾ ਕਰਦੇ ਆਮ ਦੇਖੇ ਜਾਂਦੇ ਹਨ, ਜਿਨ੍ਹਾਂ ਵਿੱਚ ਜ਼ਿਆਦਾਤਰ ਹਰਿਆਣਾ ਰੋਡਵੇਜ਼ ਦੀਆ ਬੱਸਾਂ ਅਤੇ ਹੋਰ ਵਾਹਨ ਸ਼ਾਮਲ ਹਨ। ਟਰੈਫਿਕ ਜਾਮ ਦੇ ਚਲਦੇ ਮੌਕੇ ’ਤੇ ਪੁੱਜੇ ਟਰੈਫਿਕ ਪੁਲੀਸ ਦੇ ਅਧਿਕਾਰੀਆਂ ਨੇ ਲੋਕਾ ਨੂੰ ਸਮਝਾ ਕੇ ਜਾਮ ਖੁਲ੍ਹਵਾਇਆ।
ਇਸੇ ਦੌਰਾਨ ਟਰੈਫਿਕ ਇੰਚਾਰਜ ਲਾਲੜੂ ਗੁਰਮੇਲ ਸਿੰਘ ਨੇ ਆਈਟੀਆਈ ਚੌਕ ’ਤੇ ਖੜ੍ਹ ਕੇ ਲਾਲ ਬੱਤੀ ਹੋਣ ਦੀ ਸੂਰਤ ਵਿੱਚ ਗਲਤ ਤਰੀਕੇ ਨਾਲ ਕੱਢੀਆਂ ਜਾ ਰਹੀਆਂ ਹਰਿਆਣਾ ਰੋਡਵੇਜ਼ ਦੀਆਂ ਕਈ ਬੱਸਾਂ ਦੇ ਚਲਾਨ ਕੀਤੇ ਅਤੇ ਕਈ ਡਰਾਈਵਰਾਂ ਨੂੰ ਚਿਤਾਵਨੀ ਦੇ ਕੇ ਛੱਡਿਆ। ਉਨ੍ਹਾ ਕਿਹਾ ਕਿ ਕਿਸੇ ਵੀ ਵਾਹਨ ਚਾਲਕ ਨੂੰ ਟਰੈਫਿਕ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ।