ਕਰਮਜੀਤ ਸਿੰਘ ਚਿੱਲਾ
ਬਨੂੜ, 5 ਮਈ
ਬਨੂੜ-ਤੇਪਲਾ ਕੌਮੀ ਮਾਰਗ ਤੋਂ ਪਿੰਡ ਖਲੌਰ ਨੂੰ ਜਾਂਦੇ ਸੜਕੀ ਟੋਟੇ ਦੇ ਪਿਛਲੇ ਪੰਜ ਮਹੀਨਿਆਂ ਤੋਂ ਅਧਵਾਟੇ ਪਏ ਕੰਮ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਸੜਕ ’ਤੇ ਪਾਇਆ ਪੱਥਰ ਉੱਖੜਨਾ ਸ਼ੁਰੂ ਹੋ ਗਿਆ ਹੈ। ਪਿੰਡ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਜਸਵੀਰ ਸਿੰਘ, ਬਹਾਦਰ ਸਿੰਘ, ਗੁਰਧਿਆਨ ਸਿੰਘ, ਗੁਰਸੇਵਕ ਸਿੰਘ ਸੇਬੀ, ਰਣਧੀਰ ਸਿੰਘ ਫੌਜੀ ਨੇ ਇਸ ਮੌਕੇ ਦੱਸਿਆ ਕਿ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਤਕਰੀਬਨ ਪੰਜ ਮਹੀਨੇ ਪਹਿਲਾਂ ਇਸ ਸੜਕ ਨੂੰ ਦਸ ਫੁੱਟ ਤੋਂ 18 ਫੁੱਟ ਚੌੜਾ ਕਰਨ ਦਾ ਕੰਮ ਆਰੰਭ ਕਰਾਇਆ ਸੀ। ਉਨ੍ਹਾਂ ਕਿਹਾ ਕਿ ਠੇਕੇਦਾਰ ਵੱਲੋਂ ਸੜਕ ਨੂੰ ਪੁੱਟ ਕੇ ਪੱਥਰ ਦੀ ਇੱਕ ਲੇਅਰ ਵਿਛਾ ਦਿੱਤੀ ਗਈ ਸੀ ਪਰ ਨਾ ਦੁਬਾਰਾ ਪੱਥਰ ਪਾਇਆ ਗਿਆ ਤੇ ਨਾ ਹੀ ਪ੍ਰੀਮਿਕਸ ਪਾਈ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੜਕ ਦਾ ਪੱਥਰ ਉੱਖੜਨਾ ਸ਼ੁਰੂ ਹੋ ਗਿਆ ਹੈ ਤੇ ਦੁਪਹੀਆ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈ ਰਹੀ ਹੈ।
ਦੋ ਦਿਨਾਂ ਵਿੱਚ ਆਰੰਭ ਹੋ ਜਾਵੇਗਾ ਕੰਮ; ਜੇਈ
ਮੰਡੀਕਰਨ ਬੋਰਡ ਦੇ ਸਬੰਧਿਤ ਸੜਕ ਦੇ ਜੇਈ ਅਮਨਪ੍ਰੀਤ ਸਿੰਘ ਨੇ ਸੰਪਰਕ ਕਰਨ ਉੱਤੇ ਦੱਸਿਆ ਕਿ ਅੱਧਾ ਕੁ ਕਿਲੋਮੀਟਰ ਦੀ ਲੰਬਾਈ ਵਾਲੀ ਸਬੰਧਿਤ ਸੜਕ ਉੱਤੇ ਪੱਥਰ ਦੀ ਇਕ ਲੇਅਰ ਹੋਰ ਪੈਣੀ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਦਿਨਾਂ ਵਿੱਚ ਸੜਕ ਦਾ ਕੰਮ ਆਰੰਭ ਕਰਾਕੇ ਮੁਕੰਮਲ ਕਰਵਾ ਦਿੱਤਾ ਜਾਵੇਗਾ।