ਪੱਤਰ ਪ੍ਰੇਰਕ
ਖਰੜ, 12 ਜੂਨ
ਖਰੜ ਇਲਾਕੇ ਦੇ ਪਿੰਡ ਤ੍ਰਿੱਪੜੀ , ਨੱਗਲ, ਗੱਬੇਮਾਜਰਾ, ਰਸਨਹੇੜੀ, ਮਗਰ, ਝੰਜੇੜੀ ਆਦਿ ਪਿੰਡਾਂ ਦੇ ਵਸਨੀਕਾਂ ਨੇ ਅੱਜ ਖਰੜ ਦੇ ਐੱਸਡੀਐੱਮ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪਿੰਡ ਬਡਾਲਾ ਨਿਆਂ ਸ਼ਹਿਰ ਤੋਂ ਪਿੰਡ ਝੰਜੇੜੀ ਨੂੰ ਜਾਂਦੀ ਸੜਕ ਜੋ ਨਵੇਂ ਸਿਰੇ ਤੋਂ ਬਣਨੀ ਸ਼ੁਰੂ ਹੋਈ ਸੀ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਇਸ ਸਬੰਧੀ ਸ੍ਰੀ ਜਨਕ ਸਿੰਘ, ਅਮਨਦੀਪ ਸਿੰਘ ਸਰਪੰਚ ਗੱਬੇਮਾਜਰਾ, ਦਵਿੰਦਰ ਕੌਰ ਸਰਪੰਚ ਰਸਨਹੇੜੀ, ਸੁਰਮੁੱਖ ਸਿੰਘ ਸਰਪੰਚ ਝੰਜੇੜੀ, ਮੇਵਾ ਸਿੰਘ ਸਰਪੰਚ ਨੱਗਲ ਫੈਜਗੜ੍ਹ, ਬਹਾਦਰ ਸਿੰਘ ਪੰਚ, ਗੁਰਦੀਪ ਸਿੰਘ ਪੰਚ ਆਦਿ ਵਲੋਂ ਐਸਡੀਐੱਮ ਨੂੰ ਦੱਸਿਆ ਗਿਆ ਕਿ ਇਹ ਸੜਕ ਜੋ 18 ਫੁੱਟ ਚੌੜੀ ਬਣਨੀ ਸੀ ਇੱਕ ਸਾਲ ਪਹਿਲਾਂ ਸ਼ੁਰੂ ਹੋਈ ਸੀ। ਇਸ ਸੜਕ ਉਤੇ ਪੱਥਰ ਪਾ ਕੇ ਕੰਮ ਬੰਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ ਤੇ ਇਸ ਸੜਕ ਦੀ ਹਾਲਤ ਵਧੇਰੇ ਖਰਾਬ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਮੇਂ ਸੜਕ ਉਤੇ ਪਾਏ ਸਾਰੇ ਪੱਥਰ ਉਖੜ ਗਏ ਹਨ । ਇਥੇ ਹਰ ਰੋਜ਼ ਹਾਦਸੇ ਹੁੰਦੇ ਹਨ। ਐੱਸਡੀਐੱਮ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਉਹ ਇਸ ਸਬੰਧੀ ਯੋਗ ਕਾਰਵਾਈ ਲਈ ਲਿਖ ਰਹੇ ਹਨ।