ਮੁਕੇਸ਼ ਕੁਮਾਰ
ਚੰਡੀਗੜ੍ਹ, 25 ਅਗਸਤ
ਚੰਡੀਗੜ੍ਹ ਹਾਊਸਿੰਗ ਬੋਰਡ ਬਕਾਏਦਾਰਾਂ ਖ਼ਿਲਾਫ਼ ਕਾਰਵਾਈ ਕਰਨ ਜਾ ਰਿਹਾ ਹੈ। ਬੋਰਡ ਵੱਲੋਂ ਅਜਿਹੇ ਡਿਫਾਲਟਰ ਬਕਾਏਦਾਰਾਂ ਨੂੰ ਆਪਣੇ ਬਕਾਏ ਤਾਰਨ ਲਈ 31 ਅਗਸਤ ਤੱਕ ਸਮਾਂ ਦਿੱਤਾ ਹੈ, ਇਸ ਤੋਂ ਬਾਅਦ ਬੋਰਡ ਵੱਲੋਂ ਡਿਫਾਲਟਰਾਂ ਦੇ ਫਲੈਟਾਂ ਦੀ ਅਲਾਟਮੈਂਟ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਹਾਊਸਿੰਗ ਬੋਰਡ ਨੇ ਮਾਰਚ 2022 ’ਚ ਵੱਖ ਵੱਖ ਸ਼੍ਰੇਣੀਆਂ ਦੇ 11,641 ਫਲੈਟਾਂ ਦੇ ਅਲਾਟੀਆਂ ਨੂੰ ਬਕਾਏ ਦਾ ਭੁਗਤਾਨ ਨਾ ਕਰਨ ਲਈ ਨੋਟਿਸ ਜਾਰੀ ਕੀਤੇ ਸਨ। ਇਨ੍ਹਾਂ ਡਿਫਾਲਟਰਾਂ ਨੂੰ ਬਣਦੀ ਬਕਾਇਆ ਰਾਸ਼ੀ ਜਮ੍ਹਾਂ ਕਰਵਾਉਣ ਲਈ ਕਈ ਵਾਰ ਸਮਾਂ ਦਿੱਤਾ ਗਿਆ। ਇਨ੍ਹਾਂ ਵਿਚੋਂ ਕਈਂ ਅਲਾਟੀਆਂ ਨੇ ਆਪਣਾ ਬਕਾਇਆ ਜਮ੍ਹਾਂ ਵੀ ਕਰਵਾ ਦਿੱਤਾ ਹੈ ਪਰ ਇਨ੍ਹਾਂ ਵਿੱਚੋਂ 665 ਅਲਾਟੀ ਅਜਿਹੇ ਹਨ ਜਿਨ੍ਹਾਂ ਦੀ ਇੱਕ ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਬਕਾਇਆ ਖੜ੍ਹੀ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਨੇ ਇਨ੍ਹਾਂ 665 ਫਲੈਟਾਂ ਦੇ ਅਲਾਟੀਆਂ ਦੀ ਸੂਚੀ ਬੋਰਡ ਦੀ ਵੈਬਸਾਈਟ ’ਤੇ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਨੇ ਆਪਣੇ ਮਕਾਨਾਂ ਦਾ ਕਿਰਾਇਆ ਜਾਂ ਬਕਾਇਆ ਜਮ੍ਹਾਂ ਨਹੀਂ ਕਰਵਾਇਆ। ਇਨ੍ਹਾਂ ਫਲੈਟਾਂ ਦੇ ਅਲਟੀਆਂ ਕੋਲ ਕੁੱਲ 8.40 ਕਰੋੜ ਰੁਪਏ ਦਾ ਬਕਾਇਆ ਹੈ। ਬੋਰਡ ਵੱਲੋਂ ਹੁਣ ਇਨ੍ਹਾਂ ਸਾਰੇ ਬਕਾਏਦਾਰਾਂ ਨੂੰ 31 ਅਗਸਤ ਤੱਕ ਆਪਣੀ ਬਣਦੀ ਬਕਾਇਆ ਰਾਸ਼ੀ ਜਮ੍ਹਾ ਕਰਵਾਉਣ ਦਾ ਸਮਾਂ ਦਿੱਤਾ ਹੈ। ਅਜਿਹਾ ਕਰਨ ’ਚ ਅਸਫਲ ਰਹਿਣ ਦੇ ਨਤੀਜੇ ਵਜੋਂ ਉਨ੍ਹਾਂ ਦੀ ਅਲਾਟਮੈਂਟ ਨੂੰ ਰੱਦ ਕਰ ਦਿੱਤਾ ਜਾਵੇਗਾ। ਸੈਕਟਰ-38 ਵੈਸਟ ਵਿੱਚ ਸਭ ਤੋਂ ਵੱਧ 229 ਫਲੈਟ ਹਨ ਜਿਨ੍ਹਾਂ ਦਾ 1 ਲੱਖ ਤੋਂ ਵੱਧ ਦਾ ਬਕਾਇਆ ਹੈ।