ਪੀ.ਪੀ. ਵਰਮਾ
ਪੰਚਕੂਲਾ, 6 ਜਨਵਰੀ
ਪੰਚਕੂਲਾ ਦੇ ਇਤਿਹਾਸਕ ਗੁਰਦੁਆਰਾ ਨਾਢਾ ਸਾਹਿਬ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਅੱਜ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ। ਗੁਰਦੁਆਰੇ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਨੇ ਨਗਰ ਕੀਰਤਨ ਦੀ ਆਰੰਭਤਾ ਦੀ ਅਰਦਾਸ ਕੀਤੀ।
ਗੁਰਦੁਆਰਾ ਨਾਢਾ ਸਾਹਿਬ ਦੇ ਮੈਨੇਜਰ ਸੁਖਦੇਵ ਸਿੰਘ, ਮੀਤ ਮੈਨੇਜਰ ਗੁਰਮੀਤ ਸਿੰਘ, ਨੇ ਦੱਸਿਆ ਕਿ ਨਗਰ ਕੀਰਤਨ ਪੁਰਾਣਾ ਪੰਚਕੂਲਾ ਤੋਂ ਹੁੰਦਾ ਹੋਇਆ ਸੈਕਟਰ-2, 4, 5, 12, 15, 16, 14 ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿੱਚ ਪਰਤਿਆ। ਉਨ੍ਹਾਂ ਮੁਤਾਬਕ ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਸ਼ਸ਼ਤਰ ਕਲਾ ਦੇ ਜੌਹਰ ਦਿਖਾਏ। ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਮੌਕੇ 9 ਜਨਵਰੀ ਨੂੰ ਗੁਰਦੁਆਰਾ ਨਾਢਾ ਸਾਹਿਬ ’ਚ ਸਮਾਗਮ ਕਰਵਾਇਆ ਜਾਵੇਗਾ ਤੇ ਅੰਮ੍ਰਿਤ ਸੰਚਾਰ ਵੀ ਹੋਵੇਗਾ।
ਦਾਦੂਮਾਜਰਾ ’ਚ ਸਮਾਗਮ ਕਰਵਾਇਆ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪਿੰਡ ਦਾਦੂਮਾਜਰਾ ਵਿੱਚ ਪ੍ਰਕਾਸ਼ ਪੁਰਬ ਨੂੰ ਸਮਾਗਮ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵਲੋਂ ਰਾਗੀ ਸਿੰਘਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਗੀ ਸਿੰਘਾਂ ਨੇ ਸੰਗਤ ਨੂੰ ਗੁਰੂ ਇਤਿਹਾਸ ਬਾਰੇ ਜਾਣੂੰ ਕਰਵਾਇਆ।