ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 22 ਮਈ
ਇਥੋਂ ਦੀ ਕਲੋਨੀ ਨੰਬਰ ਚਾਰ ਵਿੱਚੋਂ ਹਾਲ ਹੀ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਮਗਰੋਂ ਹੁਣ ਮਲਬੇ ਨੂੰ ਵੀ ਜਲਦੀ ਹਟਾਇਆ ਜਾਵੇਗਾ। ਇਸ ਕਾਰਵਾਈ ’ਤੇ ਲਗਪਗ ਇੱਕ ਕਰੋੜ ਰੁਪਏ ਦਾ ਖਰਚਾ ਆਏਗਾ। ਨਗਰ ਨਿਗਮ ਨੇ ਜੰਗਲਾਤ ਵਿਭਾਗ ਨੂੰ ਲੋੜੀਂਦੇ ਖਰਚੇ ਬਾਰੇ ਜਾਣਕਾਰੀ ਦੇ ਦਿੱਤੀ ਹੈ।
ਨਗਰ ਨਿਗਮ ਅਨੁਸਾਰ ਕਲੋਨੀ ਨੰਬਰ-4 ਵਿੱਚ ਲਗਪਗ 50 ਹਜ਼ਾਰ ਮੀਟਰਿਕ ਟਨ ਮਲਬਾ ਪਿਆ ਹੈ। ਇਸ ਨੂੰ ਚੁਕਵਾਉਣ ਲਈ ਇੱਕ ਕਰੋੜ ਰੁਪਏ ਦੀ ਲਾਗਤ ਆਏਗੀ। ਨਿਯਮਾਂ ਅਨੁਸਾਰ ਜਿਸ ਵਿਭਾਗ ਨਾਲ ਸਬੰਧਤ ਭੂਮੀ ਹੁੰਦੀ ਹੈ, ਮਲਬਾ ਚੁੱਕਣ ਦੀ ਜ਼ਿੰਮੇਵਾਰੀ ਵੀ ਉਸੇ ਵਿਭਾਗ ਦੀ ਹੁੰਦੀ ਹੈ। ਨਗਰ ਨਿਗਮ ਨੇ ਚੰਡੀਗੜ੍ਹ ਦੇ ਜੰਗਲਾਤ ਵਿਭਾਗ ਨੂੰ ਪੱਤਰ ਲਿਖ ਕੇ ਮਲਬਾ ਚੁੱਕਣ ਬਾਰੇ ਜਾਣਕਾਰੀ ਮੰਗੀ ਸੀ।
ਮੌਨਸੂਨ ਤੋਂ ਪਹਿਲਾਂ ਮਲਬਾ ਹਟਾਉਣਾ ਜ਼ਰੂਰੀ: ਚੰਡੀਗੜ੍ਹ ਦੇ ਮੁੱਖ ਜੰਗਲਾਤ ਅਧਿਕਾਰੀ ਦੇਵਿੰਦਰ ਦਲਾਈ ਨੇ ਕਿਹਾ ਕਿ ਕਲੋਨੀ ਨੰਬਰ-4 ਤੋਂ ਮੌਨਸੂਨ ਤੋਂ ਪਹਿਲਾਂ ਮਲਬਾ ਹਟਾਉਣਾ ਹੈ ਤੇ ਨਗਰ ਨਿਗਮ ਨੂੰ ਫੰਡ ਦੇਣ ਵਿੱਚ ਕੋਈ ਸਮੱਸਿਆ ਨਹੀਂ ਹੈ। ਵਿਭਾਗ ਵੱਲੋਂ ਇਸ ਖਾਲੀ ਹੋਈ ਥਾਂ ’ਤੇ ਫਿਲਹਾਲ ਬੂਟੇ ਲਗਾਉਣ ਦੀ ਯੋਜਨਾ ਹੈ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਠੋਸ ਕੂੜਾ ਪ੍ਰਬੰਧਨ ਦੇ ਨਿਯਮਾਂ ਅਨੁਸਾਰ ਕਿਸੇ ਵੀ ਭੂਮੀ ’ਤੇ ਮਲਬਾ ਨਹੀਂ ਪਿਆ ਹੋਣਾ ਚਾਹੀਦਾ। ਮਲਬੇ ਨੂੰ ਹਟਾਉਣ ਦਾ ਕੰਮ ਠੇਕੇ ’ਤੇ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੰਗਲਾਤ ਵਿਭਾਗ ਚਾਹੁੰਦਾ ਸੀ ਕਿ ਨਗਰ ਨਿਗਮ ਇਸ ਮਲਬੇ ਨੂੰ ਚੁੱਕੇ। ਇਸ ਲਈ ਨਿਗਮ ਨੇ ਖਰਚੇ ਦਾ ਖਰੜਾ ਤਿਆਰ ਕਰਕੇ ਜੰਗਲਾਤ ਵਿਭਾਗ ਨੂੰ ਭੇਜ ਦਿੱਤਾ ਹੈ। ਨਿਗਮ ਨੇ ਮਲਬੇ ਦੇ ਨਿਪਟਾਰੇ ਲਈ ਟੈਂਡਰ ਦੇਣ ਦੀ ਤਿਆਰੀ ਕਰ ਲਈ ਹੈ ਤੇ ਜੰਗਲਾਤ ਵਿਭਾਗ ਦੀ ਸਹਿਮਤੀ ਦੀ ਉਡੀਕ ਹੈ।