ਸਾਹਿਤ ਪ੍ਰਤੀਨਿਧ/ਪੱਤਰ ਪ੍ਰੇਰਕ
ਚੰਡੀਗੜ੍ਹ/ਪਟਿਆਲਾ, 28 ਮਈ
ਪੰਜਾਬੀ ਅਤੇ ਉਰਦੂ ਦੀ ਲੇਖਿਕਾ ਡਾ. ਸੁਲਤਾਨਾ ਬੇਗਮ (72) ਦਾ ਦੇਹਾਂਤ ਹੋ ਗਿਆ। ਡਾ. ਸੁਲਤਾਨਾ ਬੇਗ਼ਮ ਸਾਹਿਤ, ਸੱਭਿਆਚਾਰ ਤੇ ਧਰਮ ਨਿਰਪੱਖਤਾ ਦਾ ਮੁਜੱਸਮਾ ਸਨ। ਉਨ੍ਹਾਂ ਨੇ ਗ਼ਜ਼ਲ ਸੰਗ੍ਰਹਿ ‘ਰੁਸਵਾਈਆਂ’ ‘ਗੁਲਜ਼ਾਰਾਂ’, ‘ਸ਼ਗੂਫ਼ੇ’ (ਸੂਫ਼ੀ ਕਾਵਿ ਸੰਗ੍ਰਹਿ), ‘ਬਹਾਰਾਂ’, ‘ਹੈਰਤ ਕਦਾ’, ‘ਨਮਕਪਾਰੇ’ ਅਤੇ ਦੋ ਸਵੈ-ਜੀਵਨੀਆਂ ‘ਮੇਰੀ ਕਤਰਾ ਕਤਰਾ ਜ਼ਿੰਦਗੀ’ ਅਤੇ ‘ਲਾਹੌਰ ਕਿੰਨੀ ਦੂਰ’ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ। ਉਨ੍ਹਾਂ ਦਾ ਜਨਮ ਮੁਸਲਿਮ ਪਰਿਵਾਰ ’ਚ ਹੋਇਆ, ਪਾਲਣ ਪੋਸ਼ਣ ਹਿੰਦੂ ਪਰਿਵਾਰ ਨੇ ਕੀਤਾ ਅਤੇ ਉਹ ਸਿੱਖ ਪਰਿਵਾਰ ’ਚ ਵਿਆਹੇ ਹੋਏ ਸਨ। ਉਹ ਆਪਣੇ ਪਿਤਾ ਨੂੰ ਲਾਹੌਰ ਵਿੱਚ ਲੱਭਣ ਦੇ ਬਾਵਜੂਦ ਕਦੇ ਨਾ ਮਿਲ ਸਕੇ। ਡਾ. ਸੁਲਤਾਨਾ ਬੇਗਮ ਕੈਂਸਰ ਤੋਂ ਪੀੜਤ ਸਨ। ਸੁਲਤਾਨਾ ਬੇਗਮ ਦੇ ਵਿਛੋੜੇ ’ਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਆਸ਼ਟ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਡਾ. ਜੋਗਾ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਪੰਜਾਬ ਸਾਹਿਤ ਅਕਾਦਮੀ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ, ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਫ਼ਾਊਂਡਰ ਰਮਿੰਦਰ ਰੰਮੀ ਤੇ ਹੋਰ ਸਾਹਿਤ ਪ੍ਰੇਮੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਡਾ. ਸੁਲਤਾਨਾ ਬੇਗਮ ਦੇ ਦੇਹਾਂਤ ’ਤੇ ਪੱਛਮੀ ਪੰਜਾਬ ਦੇ ਉੱਘੇ ਲੇਖਕਾਂ ਬਾਬਾ ਨਜਮੀ, ਇਲਿਆਸ ਘੁੰਮਣ, ਅਹਿਸਾਨ ਬਾਜਵਾ, ਅਫਜ਼ਲ ਸਾਹਿਰ, ਬੁਸ਼ਰਾ ਨਾਜ਼, ਮੁਦੱਸਰ ਬੱਟ ਸੰਪਾਦਕ ਭੁਲੇਖਾ, ਆਸਿਫ ਰਜ਼ਾ, ਮੁਨੀਰ ਹੋਸ਼ਿਆਰਪੁਰੀ, ਪ੍ਰੋ. ਅਮਾਨਤ ਅਲੀ ਮੁਸਾਫਿਰ ਤੇ ਸਾਨੀਆ ਸ਼ੇਖ ਨੇ ਅਫਸੋਸ ਪ੍ਰਗਟ ਕੀਤਾ ਹੈ।