ਪੱਤਰ ਪ੍ਰੇਰਕ
ਅਮਲੋਹ, 1 ਫਰਵਰੀ
ਮੰਡੀ ਗੋਬਿੰਦਗੜ੍ਹ ਮਿੱਲ ਵਿਚ ਕੰਮ ਕਰਨ ਤੋਂ ਬਾਅਦ ਕੱਲ੍ਹ ਦੇਰ ਸ਼ਾਮ ਮੋਟਰਸਾਈਕਲ ’ਤੇ ਘਰ ਪਰਤ ਰਹੇ ਮਾਮਾ-ਭਾਣਜਾ ਧੁੰਦ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਕਾਰਨ 35 ਸਾਲਾ ਹਰਪ੍ਰੀਤ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਸੌਂਟੀ ਦੀ ਮੌਤ ਹੋ ਗਈ ਜਦੋਂਕਿ ਉਸ ਦੇ ਮਾਮੇ ਕਿਰਨ ਸਿੰਘ ਪੁੱਤਰ ਸੁਰਜਨ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਦਾਖ਼ਲ ਕਰਵਾਇਆ ਗਿਆ ਪ੍ਰੰਤੂ ਹਾਲਤ ਗੰਭੀਰ ਹੋਣ ਕਾਰਨ ਬਾਅਦ ਵਿਚ ਉਸ ਨੂੰ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ ਗਿਆ। ਪ੍ਰਾਪਤ ਸੂਚਨਾ ਅਨੁਸਾਰ ਹਰਪ੍ਰੀਤ ਸਿੰਘ ਆਪਣੇ ਮਾਮੇ ਨਾਲ ਮੰਡੀ ਗੋਬਿੰਦਗੜ੍ਹ ਮਿੱਲ ਵਿਚ ਕੰਮ ਕਰਦੇ ਸਨ ਅਤੇ ਕੱਲ੍ਹ ਸ਼ਾਮ ਜਦੋਂ ਕੰਮ ਤੋਂ ਵਾਪਸ ਆ ਰਹੇ ਸਨ ਤਾਂ ਸਾਹਮਣੇ ਤੋਂ ਆ ਰਹੇ ਇੱਕ ਹੋਰ ਮੋਟਰਸਾਈਕਲ ਜਿਸ ਉੱਪਰ 2 ਪਰਵਾਸੀ ਮਜ਼ਦੂਰ ਸਵਾਰ ਸਨ, ਨਾਲ ਟੱਕਰ ਹੋ ਗਈ ਅਤੇ ਦੋਵੇਂ ਮੋਟਰਸਾਈਕਲ ਸਵਾਰ ਜ਼ਖ਼ਮੀ ਹੋ ਗਏ। ਪਿੰਡ ਦੇ ਰਾਜਵੀਰ ਸਿੰਘ, ਜਗਜੀਤ ਸਿੰਘ ਦੀਸ਼ਾ, ਤੇਜਿੰਦਰ ਸਿੰਘ ਅਤੇ ਜਗਵਿੰਦਰ ਸਿੰਘ ਨੇ ਸਿਹਤ ਵਿਭਾਗ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆਂ ਦੋਸ਼ ਲਗਾਇਆ ਕਿ 108 ਨੰਬਰ ਐਬੂਲੈਂਸ ਨੂੰ ਫ਼ੋਨ ਕਰਨ ਦੇ ਬਾਵਜੂਦ ਐਬੂਲੈਂਸ ਢਾਈ ਘੰਟੇ ਦੇਰੀ ਨਾਲ ਪਹੁੰਚੀ।