ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 19 ਨਵੰਬਰ
ਇੱਥੋਂ ਦੇ ਸਨਅਤੀ ਏਰੀਆ ਫੇਜ਼-8 ਸਥਿਤ ਪ੍ਰਾਈਵੇਟ ਕੰਪਨੀ ਦੇ ਕਰਮਚਾਰੀ ਦੀ ਲਿਫ਼ਟ ਵਿੱਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਕੁਮਾਰ (24) ਵਜੋਂ ਹੋਈ ਹੈ। ਉਹ ਜਗਤਪੁਰਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਤਿੰਨ ਮਹੀਨੇ ਪਹਿਲਾਂ ਹੀ ਰੌਮ ਸੰਨਜ਼ ਵੈਲਫੇਅਰ ਹਾਊਸ ਕੰਪਨੀ ਵਿੱਚ ਨੌਕਰੀ ’ਤੇ ਲੱਗਿਆ ਸੀ। ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਫੇਜ਼-1 ਥਾਣੇ ਵਿੱਚ ਕੰਪਨੀ ਪ੍ਰਬੰਧਕ ਦੇ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੇਜ਼-1 ਥਾਣੇ ਦੇ ਮੁਖੀ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਦੇਰ ਸ਼ਾਮ ਵਾਪਰੀ।
ਥਾਣਾ ਮੁਖੀ ਨੇ ਦੱਸਿਆ ਕਿ ਕੰਪਨੀ ਵਿੱਚ ਕਰਮਚਾਰੀਆਂ ਅਤੇ ਸਾਮਾਨ ਨੂੰ ਲਿਜਾਣ ਲਈ ਦੋ ਵੱਖਰੀਆਂ ਲਿਫ਼ਟਾਂ ਹਨ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਅਭਿਸ਼ੇਕ ਨੇ ਉੱਪਰਲੀ ਮੰਜ਼ਿਲ ’ਤੇ ਸਾਮਾਨ ਪਹੁੰਚਣ ਲਈ ਊਸ ਨੂੰ ਓਪਨ ਲਿਫ਼ਟ ਵਿੱਚ ਰੱਖਿਆ ਸੀ ਅਤੇ ਖ਼ੁਦ ਵੀ ਉਸੇ ਲਿਫ਼ਟ ਵਿੱਚ ਚੜ੍ਹ ਗਿਆ। ਜਦੋਂ ਲਿਫ਼ਟ ਉੱਤੇ ਜਾ ਰਹੀ ਸੀ ਤਾਂ ਅਚਾਨਕ ਲੋਹੇ ਦਾ ਸਰੀਆ ਉਸ ਦੀ ਗਰਦਨ ਵਿੱਚ ਲੱਗਿਆ। ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ।
ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਏਐੱਸਆਈ ਅਵਤਾਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕਰਮਚਾਰੀ ਨੂੰ ਸੋਹਾਣਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਅੱਜ ਸਰਕਾਰੀ ਹਸਪਤਾਲ ਵਿੱਚ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।