ਸਰਬਜੀਤ ਸਿੰਘ ਭੱਟੀ
ਲਾਲੜੂ, 16 ਅਕਤੂਬਰ
ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਾਰਨ ਐਕਟਿਵਾ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਾਲੜੂ ਮੰਡੀ ਦੇ 60 ਸਾਲਾ ਫਲਾਂ ਦੇ ਵਪਾਰੀ ਓਮ ਪ੍ਰਕਾਸ਼ ਵਜੋਂ ਹੋਈ ਹੈ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਹਾਇਕ ਸਬ ਇੰਸਪੈਕਟਰ ਜਗਤਾਰ ਸਿੰਘ ਸੈਣੀ ਨੇ ਦੱਸਿਆ ਕਿ ਮ੍ਰਿਤਕ ਓਮ ਪ੍ਰਕਾਸ਼ ਦੇ ਪੁੱਤਰ ਪ੍ਰਿੰਸ ਕੁਮਾਰ ਨੇ ਦੱਸਿਆ ਕਿ ਉਸ ਦਾ ਪਿਤਾ ਬੀਤੀ 15 ਅਕਤੂਬਰ ਦੀ ਰਾਤ ਨੂੰ ਆਪਣੀ ਐਕਟਿਵਾ ’ਤੇ ਫਲਾਂ ਦੇ ਹੋਰ ਦੁਕਾਨਦਾਰਾਂ ਤੋਂ ਉਗਰਾਹੀ ਕਰਨ ਲਈ ਲਾਲੜੂ ਮੰਡੀ ਤੋਂ ਆਈ.ਟੀ.ਆਈ ਚੌਕ ਵਾਲੇ ਪਾਸੇ ਜਾ ਰਿਹਾ ਸੀ। ਮੁੱਖ ਮਾਰਗ ’ਤੇ ਗੁੱਗਾ ਮਾੜੀ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਦੀ ਐਕਟਿਵਾ ਵਿੱਚ ਟੱਕਰ ਮਾਰੀ ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇਹ ਨੂੰ ਰਾਤ ਵੇਲੇ ਹੀ ਸਿਵਲ ਹਸਪਤਾਲ, ਡੇਰਾਬਸੀ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ, ਜਿਥੇ ਅੱਜ ਡਾਕਟਰਾਂ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਪੁਲੀਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਧਾਰਾ 279, 337, 304ਏ ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਮਗਰੋਂ ਅੱਜ ਲਾਲੜੂ ਮੰਡੀ ਦੀ ਫਲਾਂ ਦੀ ਮਾਰਕੀਟ ਸੋਗ ਵਜੋਂ ਬੰਦ ਰਹੀ।