ਹਰਜੀਤ ਸਿੰਘ
ਜ਼ੀਰਕਪੁਰ, 9 ਸਤੰਬਰ
ਜ਼ੀਰਕਪੁਰ-ਪਟਿਆਲਾ ਰੋਡ ਤੋਂ ਪਿੰਡ ਦਿਆਲਪੁਰਾ ਸੋਢੀਆਂ ਨੂੰ ਜਾਂਦੀ ਮੇਨ ਸੜਕ ਦੀ ਹਾਲਤ ਲੰਮੇ ਸਮੇ ਤੋਂ ਖਸਤਾ ਬਣੀ ਹੋਈ ਹੈ। ਲੰਮੇ ਸਮੇਂ ਤੋਂ ਪਿੰਡ ਦੇ ਵਸਨੀਕ ਇਸ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕਰ ਰਹੇ ਹਨ ਪਰ ਕੌਂਸਲ ਦੇ ਅਧਿਕਾਰੀ ਧਿਆਨ ਨਹੀਂ ਦੇ ਰਹੇ। ਇਸ ਤੋਂ ਰੋਹ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਅੱਜ ਸੜਕ ’ਤੇ ਖੜ੍ਹੇ ਹੋ ਕੇ ਨਗਰ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਪਿੰਡ ਵਾਸੀ ਹਰਚਰਨ ਸਿੰਘ, ਦਿਲਬਾਗ ਸਿੰਘ, ਪਾਲ ਸਿੰਘ, ਜਿੰਮੀ ਸਿੰਘ, ਬਲਬੀਰ ਸਿੰਘ, ਹਰਭਜਨ ਸਿੰਘ, ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਨੂੰ ਨਗਰ ਕੌਂਸਲ ਵਿੱਚ ਸ਼ਾਮਲ ਕੀਤੇ ਲੰਮਾਂ ਸਮਾਂ ਹੋ ਗਿਆ ਹੈ ਪਰ ਹਾਲੇ ਵੀ ਪਿੰਡ ਵਾਸੀ ਬੁਨਿਆਦੀ ਸਹੂਲਤਾਂ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਵਿੱਚ ਸਭ ਤੋਂ ਅਹਿਮ ਸਮੱਸਿਆ ਪਟਿਆਲਾ ਮੁੱਖ ਸੜਕ ਤੋਂ ਉਨ੍ਹਾਂ ਦੇ ਪਿੰਡ ਨੂੰ ਆਉਣ ਵਾਲੀ ਲਿੰਕ ਸੜਕ ਦੀ ਬਣੀ ਹੋਈ ਹੈ। ਇਸ ਸੜਕ ਦੀ ਲੰਮੇ ਸਮੇ ਤੋਂ ਮੁਰੰਮਤ ਨਾ ਹੋਣ ਕਾਰਨ ਵੱਡੇ ਵੱਡੇ ਟੋਏ ਪੈ ਗਏ ਹਨ ਜਿਸ ਕਾਰਨ ਇਥੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸੜਕ ‘ਤੇ ਇਕ ਕੰਪਨੀ ਦਾ ਗੁਦਾਮ ਸਥਿਤ ਹੈ ਜਿਥੇ ਰੋਜ਼ਾਨਾ ਦਰਜਨਾਂ ਭਾਰੀ ਵਾਹਨ ਮਾਲ ਛੱਡਣ ਅਤੇ ਲੈ ਕੇ ਆਉਂਦੇ ਹਨ। ਭਾਰੀ ਵਾਹਨਾਂ ਕਾਰਨ ਇਸ ਸੜਕ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਮੀਂਹ ਦੇ ਦਿਨਾਂ ਵਿੱਚ ਤਾਂ ਹੋਰ ਮਾੜਾ ਹਾਲ ਹੋ ਜਾਂਦਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਗੱਡੀਆਂ ਲੈ ਕੇ ਆਉਣ ਵਾਲੇ ਡਰਾਈਵਰ ਸਾਰਾ ਦਿਨ ਸੜਕਾਂ ’ਤੇ ਖੜ੍ਹੇ ਰਹਿੰਦੇ ਹਨ ਜਿਸ ਕਾਰਨ ਇਥੋਂ ਲੰਘਣ ਵਾਲੀ ਔਰਤਾਂ ਅਤੇ ਲੜਕੀਆਂ ਨੂੰ ਪ੍ਰੇਸ਼ਾਨੀ ਆਉਂਦੀ ਹੈ। ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਮੀਂਹ ਦਾ ਮੌਸਮ ਜਾਣ ਮਗਰੋਂ ਸੜਕ ਦੀ ਨਵੇਂ ਸਿਰੇ ਤੋਂ ਮੁਰੰਮਤ ਕਰਵਾਈ ਜਾਏਗੀ।