ਪੱਤਰ ਪ੍ਰੇਰਕ
ਚੰਡੀਗੜ੍ਹ, 6 ਜੂਨ
ਪੰਜਾਬ ਯੂਨੀਵਰਸਿਟੀ ਵਿੱਚ ਲਾਇਬਰੇਰੀਆਂ ਅਤੇ ਲੈਬਾਰਟਰੀਆਂ ਖੁੱਲ੍ਹਵਾਉਣ ਸਮੇਤ ਹੋਰ ਕਈ ਮੰਗਾਂ ਸਬੰਧੀ ਪ੍ਰਬੰਧਕੀ ਬਲਾਕ ਦੇ ਅੱਗੇ ਵਿਦਿਆਰਥੀ ਜਥੇਬੰਦੀ ਐੱਸ.ਐੱਫ.ਐੱਸ. ਦੇ ਸੱਦੇ ’ਤੇ ਦਿਨ-ਰਾਤ ਦੇ ਧਰਨੇ ’ਤੇ ਬੈਠੇ ਰਿਸਰਚ ਸਕਾਲਰਾਂ ਅਤੇ ਵਿਦਿਆਰਥੀਆਂ ਵੱਲੋਂ ਅੱਜ ‘ਭਾਰਤੀ ਲੋਕਤੰਤਰ ਦੇ ਮੌਜੂਦਾ ਸਰੂਪ’ ’ਤੇ ਡੂੰਘਾਈ ਨਾਲ ਵਿਚਾਰ ਚਰਚਾ ਕੀਤੀ ਗਈ ਗਈ, ਜਿਸ ਵਿੱਚ ਵਿਦਿਆਰਥੀ ਆਗੂਆਂ ਸੰਦੀਪ, ਬਲਰਾਜ, ਗਗਨ, ਪ੍ਰਿਯਾ, ਅਰਸ਼, ਰਮਨ ਆਦਿ ਨੇ ਭਾਗ ਲਿਆ। ਵਿਚਾਰ ਚਰਚਾ ਵਿੱਚ ਸ਼ਾਮਲ ਰਿਸਰਚ ਸਕਾਲਰਾਂ ਨੇ ਕਿਹਾ ਕਿ ਵਿਦਿਆਰਥੀਆਂ, ਮੁਲਾਜ਼ਮਾਂ ਤੇ ਆਮ ਲੋਕਾਂ ਦੀਆਂ ਜਾਇਜ਼ ਮੰਗਾਂ ਬਾਰੇ ਲੋਕਤੰਤਰਿਕ ਢੰਗ ਨਾਲ ਪ੍ਰਦਰਸ਼ਨ ਆਦਿ ਕਰਨ ਦੇ ਬਾਵਜੂਦ ਸੁਣਵਾਈ ਨਹੀਂ ਹੋ ਰਹੀ ਅਤੇ ਹਰ ਪਾਸੇ ਤਾਨਾਸ਼ਾਹੀ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਭਾਰਤੀ ਸੱਤਾ ਲੋਕਾਂ ਦੀ ਨਹੀਂ ਸਗੋਂ ਦਲਾਲ ਪੂੰਜੀਪਤੀਆਂ ਅਤੇ ਜਗੀਰਦਾਰਾਂ ਦੀ ਨੁਮਾਇੰਦਗੀ ਕਰਦੀ ਹੈ। ਕਾਰਪੋਰੇਟਾਂ ਦੇ ਮੁਨਾਫਿਆਂ ਲਈ ਭਾਰਤੀ ਸੱਤਾ ਲੋਕਾਂ ਦਾ ਹਰ ਹੱਕ ਕੁਚਲ ਦੇਣਾ ਚਾਹੁੰਦੀ ਹੈ। ਅੱਜ ਸੋਚਣਾ ਬਣਦਾ ਹੈ ਕਿ ਅਸੀਂ ਕਿਵੇਂ ਇਸ ਟੀਚੇ ਨੂੰ ਸਰ ਕਰ ਸਕਦੇ ਹਾਂ।