ਪੱਤਰ ਪ੍ਰੇਰਕ
ਮੋਰਿੰਡਾ, 25 ਅਕਤੂਬਰ
ਮੋਰਿੰਡਾ ਇਲਾਕੇ ਵਿੱਚ ਡੀਏਪੀ ਖਾਦ ਦੀ ਭਾਰੀ ਘਾਟ ਕਾਰਨ ਕਿਸਾਨਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ, ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਦਲਜੀਤ ਸਿੰਘ ਚਲਾਕੀ, ਗੁਰਚਰਨ ਸਿੰਘ ਢੋਲਣਮਾਜਰਾ ਨੇ ਦੱਸਿਆ ਕਿ ਕਣਕ ਦੀ ਬਿਜਾਈ ਦਾ ਸੀਜ਼ਨ ਸਿਰ ’ਤੇ ਆ ਗਿਆ ਹੈ ਪ੍ਰੰਤੂ ਡੀਏਪੀ ਖਾਦ ਨਾ ਹੋਣ ਕਾਰਨ ਕਿਸਾਨ ਬੜੀ ਚਿੰਤਾ ਵਿੱਚ ਹਨ। ਇਲਾਕੇ ਵਿੱਚ ਭਾਰੀ ਮੀਂਹ ਪੈਣ ਕਾਰਨ ਫਸਲਾਂ ਦਾ ਵੀ ਭਾਰੀ ਨੁਕਸਾਨ ਹੋ ਗਿਆ ਹੈ ਜੋ ਫਸਲਾਂ ਵੱਢ ਲਈਆਂ ਗਈਆਂ ਹਨ, ਉਨ੍ਹਾਂ ਦੀ ਥਾਂ ਕਿਸਾਨ ਹੁਣ ਰੌਣੀ ਕਰਨ ਤੋਂ ਬਗੈਰ ਕਣਕ ਬੀਜਣ ਦੇ ਇਛੁੱਕ ਹਨ ਪ੍ਰੰਤੂ ਡੀਏਪੀ ਖਾਦ ਨਾ ਹੋਣ ਕਾਰਨ ਕਣਕ ਦੀ ਬਿਜਾਈ ਲੇਟ ਹੋ ਰਹੀ ਹੈ। ਕਣਕ ਦੀ ਫਸਲ ਬਗੈਰ ਡੀਏਪੀ ਤੋਂ ਬਹੁਤ ਘੱਟ ਝਾੜ ਦਿੰਦੀ ਹੈ, ਜਿਸ ਨਾਲ ਕਿਸਾਨਾਂ ਨੂੰ ਸਿੱਧੇ ਤੌਰ ’ਤੇ ਕਾਫੀ ਨੁਕਸਾਨ ਹੋਵੇਗਾ।