ਕੁਲਦੀਪ ਸਿੰਘ
ਚੰਡੀਗੜ੍ਹ, 21 ਸਤੰਬਰ
ਸੀਟੀਯੂ ਮੁਲਾਜ਼ਮਾਂ ਦੀ ਪਿਛਲੇ ਲੰਬੇ ਸਮੇਂ ਤੋਂ ਚਲਦੀ ਆ ਰਹੀ ਮੰਗ ਮੁਤਾਬਕ ਅੱਜ ਅਦਾਰੇ ਵਿੱਚ ਨਵੀਆਂ ਏਅਰਕੰਡੀਸ਼ਨਡ ਬੱਸਾਂ ਸ਼ਾਮਲ ਕੀਤੀਆਂ ਗਈਆਂ ਹਨ, ਜਿਸ ਉਪਰੰਤ ਮੁਲਾਜ਼ਮਾਂ ਵਿੱਚ ਵੀ ਖੁਸ਼ੀ ਦੀ ਲਹਿਰ ਛਾ ਗਈ ਹੈ। ਅੱਜ ਚੰਡੀਗੜ੍ਹ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਯੂਟੀ ਪ੍ਰਸ਼ਾਸਨ ਸਮੇਤ ਵਿਭਾਗ ਦੇ ਡਾਇਰੈਕਟਰ ਪ੍ਰਦੁੱਮਣ ਸਿੰਘ ਐੱਚ.ਸੀ.ਐੱਸ. ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਟਰਾਂਸਪੋਰਟ ਯੂਟੀ ਚੰਡੀਗੜ੍ਹ ਪ੍ਰਦੁੱਮਣ ਸਿੰਘ, ਜਨਰਲ ਮੈਨੇਜਰ ਸਤਿੰਦਰ ਦਹੀਆ, ਜਨਰਲ ਮੈਨੇਜਰ ਅਮਿਤ ਕੁਮਾਰ ਗੁਪਤਾ ਦਾ ਸੀਟੀਯੂ ਮੁਲਾਜ਼ਮ ਨੇ ਢੋਲ ਵਜਾਉਂਦੇ ਹੋਏ ਸਵਾਗਤ ਕੀਤਾ। ਡਾਇਰੈਕਟਰ ਨੇ ਸੀਟੀਯੂ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਮੁਲਾਜ਼ਮਾਂ ਦੀਆਂ ਹੋਰਾਂ ਮੰਗਾਂ ਪੂਰੀਆਂ ਕਰਨ ਅਤੇ ਸੀਟੀਯੂ ਦੀਆਂ 417 ਬੱਸਾਂ ਦਾ ਫਲੀਟ ਪੂਰਾ ਕਰਨ ਦਾ ਵੀ ਭਰੋਸਾ ਦਿੱਤਾ। ਯੂਨੀਅਨ ਦੇ ਪ੍ਰਧਾਨ ਜਸਵੰਤ ਸਿੰਘ ਜੱਸਾ, ਜਨਰਲ ਸਕੱਤਰ ਸਤਿੰਦਰ ਸਿੰਘ, ਮੀਤ ਪ੍ਰਧਾਨ ਗੁਲਾਬ ਸਿੰਘ ਅਤੇ ਖਜ਼ਾਨਚੀ ਗੁਰਪ੍ਰੀਤ ਸਿੰਘ ਪਨੈਚਾਂ ਨੇ ਦੱਸਿਆ ਕਿ ਪਹਿਲੀ ਖੇਪ ਵਿੱਚ ਕੁੱਲ 20 ਬੱਸਾਂ ਆ ਰਹੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਬੱਸਾਂ ਅੱਜ ਇੰਡਸਟੀਰੀਅਲ ਏਰੀਆ ਸਥਿਤ ਡਿਪੂ ਨੰਬਰ 1 ਵਿੱਚ ਪਹੁੰਚ ਗਈਆਂ ਹਨ ਅਤੇ ਤਿੰਨ ਸਵੇਰੇ ਪਹੁੰਚ ਜਾਣਗੀਆਂ।
ਡਰਾਈਵਰ, ਕੰਡਕਟਰ ਤੇ ਵਰਕਸ਼ਾਪ ਸਟਾਫ਼ ਦੀ ਭਰਤੀ ਕਰਨ ਦੀ ਵੀ ਮੰਗ
ਸੀਟੀਯੂ ਵਰਕਰਜ਼ ਯੂਨੀਅਨ ਦੇ ਪ੍ਰਧਾਨ ਧਰਮਿੰਦਰ ਸਿੰਘ ਰਾਹੀ, ਚਰਨਜੀਤ ਸਿੰਘ ਢੀਂਡਸਾ ਆਦਿ ਨੇ ਵੀ ਨਵੀਆਂ ਬੱਸਾਂ ਨੂੰ ਸੀਟੀਯੂ ਮੁਲਾਜ਼ਮਾਂ ਦੇ ਪਿਛਲੇ ਲੰਬੇ ਸੰਘਰਸ਼ਾਂ ਦੀ ਜਿੱਤ ਗਰਦਾਨਿਆ। ਉਨ੍ਹਾਂ ਨੇ ਸੈਕਟਰੀ ਟਰਾਂਸਪੋਰਟ ਨਿਤਿਨ ਯਾਦਵ ਅਤੇ ਡਾਇਰੈਕਟਰ ਟਰਾਂਸਪੋਰਟ ਪ੍ਰਦੁੱਮਣ ਸਿੰਘ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕਰਦਿਆਂ ਮੰਗ ਕੀਤੀ ਕਿ ਅਦਾਰੇ ਵਿੱਚ ਡਰਾਈਵਰ, ਕੰਡਕਟਰ ਅਤੇ ਵਰਕਸ਼ਾਪ ਸਟਾਫ਼ ਦੀ ਵੀ ਭਰਤੀ ਪ੍ਰਕਿਰਿਆ ਜਲਦੀ ਪੂਰੀ ਕੀਤੀ ਜਾਵੇ।