ਪੱਤਰ ਪ੍ਰੇਰਕ
ਚੰਡੀਗੜ੍ਹ, 5 ਮਈ
ਸੀ.ਟੀ.ਯੂ. ਤੋਂ ਸੇਵਾਮੁਕਤ ਹੋਏ ਮੁਲਾਜ਼ਮਾਂ ਦੀ ਅੱਜ ਸੈਕਟਰ-17 ਸਥਿਤ ਬੱਸ ਅੱਡੇ ਵਿੱਚ ‘ਸੀ.ਟੀ.ਯੂ. ਐਂਪਲਾਈਜ਼ ਐਸੋਸੀਏਸ਼ਨ’ ਦੇ ਬੈਨਰ ਹੋਈ ਮੀਟਿੰਗ ਵਿੱਚ ਚੰਡੀਗੜ੍ਹ ਦੇ ਬੈਂਕਾਂ ਖ਼ਿਲਾਫ਼ ਖੂਬ ਗੁੱਸਾ ਭੜਕਿਆ ਜਿਨ੍ਹਾਂ ਨੇ ਦੱਸਿਆ ਕਿ ਬੈਂਕਾਂ ਦੀ ਪੈਨਸ਼ਨਰਾਂ ਪ੍ਰਤੀ ਅਣਦੇਖੀ ਤੇ ਲਾਪਰਵਾਹੀ ਕਾਰਨ ਨਾ ਤਾਂ ਹਾਲੇ ਤੱਕ ਪੁਰਾਣੀਆਂ ਪੈਨਸ਼ਨਾਂ ਸੋਧੀਆਂ ਜਾ ਰਹੀਆਂ ਹਨ ਤੇ ਨਾ ਹੀ 1 ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਫਿਕਸ ਕੀਤੀਆਂ ਜਾ ਰਹੀਆਂ ਹਨ। ਸੀ.ਟੀ.ਯੂ. ਐਂਪਲਾਈਜ਼ ਐਸੋਸੀਏਸ਼ਨ ਦੇ ਆਗੂਆਂ ਵਿੱਚ ਰਣਜੀਤ ਸਿੰਘ ਹੰਸ, ਦਿਲਵਰ ਸਿੰਘ, ਗੁਰਸ਼ਰਨ ਸਿੰਘ, ਸੁਰਿੰਦਰ ਸਿੰਘ ਕੈਰੋਂ ਨੇ ਕਿਹਾ ਕਿ 1 ਜਨਵਰੀ 2016 ਤੋਂ ਬਾਅਦ ਸੇਵਾਮੁਕਤ ਹੋਏ ਮੁਲਾਜ਼ਮਾਂ ਦੀਆਂ ਪੈਨਸ਼ਨਾਂ ਸੀ.ਟੀ.ਯੂ. ਦਫ਼ਤਰ ਨੇ ਫਿਕਸ ਕਰਨੀਆਂ ਹਨ ਜਦਕਿ 2016 ਤੋਂ ਪਹਿਲਾਂ ਵਾਲੇ ਪੈਨਸ਼ਨਰਾਂ ਨੂੰ ਪੈਨਸ਼ਨਰੀ ਲਾਭ ਪੈਨਸ਼ਨ ਸੈੱਲ ਪੰਚਕੂਲਾ ਨੇ ਦੇਣੇ ਸੀ ਪਰ ਹਾਲੇ ਤੱਕ ਦੋਵੇਂ ਕੰਮ ਨਹੀਂ ਹੋ ਸਕੇ ਜਿਸ ਕਾਰਨ ਮੁਲਾਜ਼ਮ ਤੇ ਪੈਨਸ਼ਨਰ ਵਰਗ ਵਿੱਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂ.ਟੀ. ਪ੍ਰਸ਼ਾਸਨ ਦੇ ਪ੍ਰਸੋਨਲ ਵਿਭਾਗ ਵੱਲੋਂ ਪੱਤਰ ਜਾਰੀ ਕੀਤੇ ਜਾਣ ਦੇ ਬਾਅਦ ਵੀ ਹਾਲੇ ਤੱਕ ਯੂ.ਟੀ. ਦੇ ਮੌਜੂਦਾ ਕਾਮਿਆਂ ਤੇ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਨਹੀਂ ਦਿੱਤਾ ਜਦੋਂਕਿ ਯੂ.ਟੀ. ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦੇ ਛੇਵੇਂ ਤਨਖਾਹ ਕਮਿਸ਼ਨ ਸਬੰਧੀ ਸਾਰੇ ਪੱਤਰ ਅਡਾਪਟ ਕਰ ਲਏ ਸਨ। ਪੈਨਸ਼ਨਰਾਂ ਦਾ ਮੈਡੀਕਲ ਵੀ ਵਿੱਤ ਸਕੱਤਰ ਨੇ 3 ਮਾਰਚ 2022 ਨੂੰ ਵਿਭਾਗ ਤੇ ਬੈਂਕਾਂ ਨੂੰ ਪੱਤਰ ਭੇਜ ਕੇ 500 ਤੋਂ 1 ਹਜ਼ਾਰ ਰੁਪਏ ਕਰ ਦਿੱਤਾ ਸੀ ਪਰ ਉਹ ਵੀ ਬੈਂਕਾਂ ਨੇ ਹਾਲੇ ਤੱਕ ਨਹੀਂ ਵਧਾਇਆ।