ਆਤਿਸ਼ ਗੁਪਤਾ
ਚੰਡੀਗੜ੍ਹ, 7 ਨਵੰਬਰ
ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਪਟਾਕੇ ਅਤੇ ਆਤਿਸ਼ਬਾਜ਼ੀ ਚਲਾਊਣ ਅਤੇ ਇਨ੍ਹਾਂ ਦੀ ਵਿਕਰੀ ਊੱਤੇ ਪਾਬੰਦੀ ਲਗਾ ਦਿੱਤੀ ਹੈ। ਇਸ ਫ਼ੈਸਲੇ ਤੋਂ ਪਟਾਕਿਆਂ ਦੇ ਵਪਾਰੀ ਖ਼ਫਾ ਹਨ ਤੇ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਇਕਾਈ ਵੀ ਪਟਾਕਾ ਵਪਾਰੀਆਂ ਦੀ ਹੱਕ ਵਿੱਚ ਨਿੱਤਰ ਆਈ ਹੈ।
‘ਆਪ’ ਚੰਡੀਗੜ੍ਹ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਸ਼ਹਿਰ ਵਿੱਚ 14 ਥਾਵਾਂ ’ਤੇ ਪਟਾਕਿਆਂ ਦੀਆਂ 96 ਦੁਕਾਨਾਂ ਲਈ 1635 ਦੁਕਾਨਦਾਰਾਂ ਵੱਲੋਂ ਅਪਲਾਈ ਕੀਤਾ ਗਿਆ ਸੀ। ਇਸ ਸਬੰਧੀ ਯੂਟੀ ਪ੍ਰਸ਼ਾਸਨ ਵੱਲੋਂ ਡਰਾਅ ਵੀ ਕੱਢੇ ਗਏ ਸਨ। ਊਨ੍ਹਾਂ ਕਿਹਾ ਕਿ ਹਰੇਕ ਵਪਾਰੀ ਤੋਂ 100 ਰੁਪਏ ਫਾਰਮ ਦੀ ਫੀਸ ਵਜੋਂ ਅਤੇ 500 ਰੁਪਏ ਵੱਖਰੀ ਫੀਸ ਵੀ ਵਸੂਲੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਯੂਟੀ ਪ੍ਰਸ਼ਾਸਨ ਪਟਾਕਿਆਂ ਦੀਆਂ ਦੁਕਾਨਾਂ ਲਗਾਉਣ ਲਈ ਅਪਲਾਈ ਕਰਨ ਵਾਲੇ 1635 ਦੁਕਾਨਦਾਰਾਂ ਦੀ ਊਪਰੋਕਤ ਰਕਮ ਵਾਪਸ ਕਰੇ। ਦੂਜੇ ਪਾਸੇ ਪਟਾਕਿਆਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਡਰਾਅ ਕੱਢਣ ਦੀ ਪ੍ਰਕਿਰੀਆ ਦੇ ਸ਼ੁਰੂ ਹੋਣ ਦੇ ਨਾਲ ਹੀ ਉਨ੍ਹਾਂ ਨੇ ਪਟਾਕੇ ਵੀ ਖਰੀਦ ਲਏ ਸਨ ਪਰ ਹੁਣ ਪ੍ਰਸ਼ਾਸਨ ਵੱਲੋਂ ਆਤਿਸ਼ਬਾਜ਼ੀ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਨਾਲ ਊਨ੍ਹਾਂ ਦਾ ਵੱਡਾ ਆਰਥਿਕ ਨੁਕਸਾਨ ਹੋਵੇਗਾ। ਸ੍ਰੀ ਗਰਗ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਨੂੰ ਪਹਿਲਾਂ ਵੀ ਪਤਾ ਸੀ ਕਿ ਪਟਾਕਿਆਂ ਨਾਲ ਪ੍ਰਦੂਸ਼ਣ ਫੈਲਦਾ ਹੈ ਤਾਂ ਉਨ੍ਹਾਂ ਨੇ ਸਟਾਲਾਂ ਲਈ ਡਰਾਅ ਕਿਉਂ ਕੱਢੇ ਸਨ।
ਇਸੇ ਦੌਰਾਨ ਸ੍ਰੀ ਗਰਗ ਨੇ ਕਿਹਾ ਕਿ ਪਟਾਕਾ ਵਪਾਰੀਆਂ ਨੂੰ ਹੁਣ ਮੋਮਬੱਤੀਆਂ ਅਤੇ ਬਿਨਾਂ ਪ੍ਰਦੂਸ਼ਣ ਵਾਲੇ ਪਟਾਕੇ ਵੇਚਣ ਦੀ ਪ੍ਰਵਾਨਗੀ ਦਿੱਤੀ ਜਾਵੇ ਤਾਂ ਜੋ ਊਹ ਦੀਵਾਲੀ ਮੌਕੇ ਵਪਾਰ ਨੂੰ ਪੈਣ ਵਾਲੇ ਘਾਟੇ ਨੂੰ ਕੁਝ ਹੱਦ ਤੱਕ ਪੂਰਾ ਕਰ ਸਕਣ।
ਵਪਾਰ ਸਦਨ ਵੱਲੋਂ ਪ੍ਰਸ਼ਾਸਨ ਦੀ ਹਮਾਇਤ
ਵਪਾਰ ਸਦਨ ਚੰਡੀਗੜ੍ਹ ਨੇ ਪਟਾਕਿਆਂ ਦੀ ਵਿਕਰੀ ਅਤੇ ਚਲਾਉਣ ’ਤੇ ਲਗਾਈ ਗਈ ਪਾਬੰਦੀ ਦੀ ਹਮਾਇਤ ਕੀਤੀ ਹੈ। ਸਦਨ ਦੇ ਬੁਲਾਰੇ ਨੇ ਕਿਹਾ ਕਿ ਪ੍ਰਸ਼ਾਸਨ ਤਰਫੋਂ ਲਿਆ ਗਿਆ ਇਹ ਫ਼ੈਸਲਾ ਸ਼ਲਾਘਾਯੋਗ ਹੈ ਪਰ ਪ੍ਰਸ਼ਾਸਨ ਨੇ ਇਹ ਫ਼ੈਸਲਾ 15 ਦਿਨਾਂ ਦੀ ਦੇਰੀ ਨਾਲ ਲਿਆ ਹੈ। ਇਸ ਕਰਕੇ ਵੱਡੀ ਗਿਣਤੀ ਵਿੱਚ ਵਪਾਰੀਆਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਬਾਰੇ ਪਹਿਲਾਂ ਤੋਂ ਹੀ ਵਿਚਾਰ ਕਰਨਾ ਚਾਹੀਦਾ ਸੀ।
ਚੰਡੀਗੜ੍ਹ ਪੁਲੀਸ ਵੱਲੋਂ ਜਾਗਰੂਕਤਾ ਮੁਹਿੰਮ
ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਾਸੀਆਂ ਨੂੰ ਪਟਾਕਿਆਂ ’ਤੇ ਲਗਾਈ ਪਾਬੰਦੀ ਬਾਰੇ ਜਾਗਰੂਕ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਪੀਸੀਆਰ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਅਨਾਊਂਸਮੈਂਟ ਕੀਤੀ ਗਈ ਕਿ ਯੂਟੀ ਪ੍ਰਸ਼ਾਸਨ ਨੇ ਪਟਾਕੇ ਚਲਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ ਤੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।