ਮਿਹਰ ਸਿੰਘ
ਕੁਰਾਲੀ, 26 ਫਰਵਰੀ
ਸ਼ਹਿਰ ਦੇ ਵਾਰਡ ਨੰਬਰ-17 ਦੀ ਕੌਂਸਲਰ ਸਿਮਰਨ ਕੌਰ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਕਾਰਨ ਸ਼ਹਿਰ ਦੀ ਸਿਆਸਤ ਇੱਕ ਵਾਰ ਫਿਰ ਨਵਾਂ ਮੋੜ ਲੈ ਗਈ ਹੈ। ਕੁਝ ਘੰਟਿਆਂ ਵਿੱਚ ਹੀ ਕਾਂਗਰਸ ਦੇ ਦੋ ਧੜਿਆਂ ਵੱਲੋਂ ਸਰੋਪੇ ਪਾ ਕੇ ਕੌਂਸਲਰ ਦਾ ਸਨਮਾਨ ਕਰਨ ਨੇ ਸਥਿਤੀ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਪਹਿਲਾਂ ਕੰਗ ਧੜੇ ਨੇ ਵਾਰਡ ਨੰਬਰ 17 ਦੀ ਕੌਂਸਲਰ ਸਿਮਰਨ ਕੌਰ ਦਾ ਸਮਰਥਨ ਮਿਲਣ ਦਾ ਦਾਅਵਾ ਕੀਤਾ। ਕੌਂਸਲਰ ਸਿਮਰਨ ਕੌਰ ਦੇ ਪਤੀ ਮਨਜਿੰੰਦਰ ਸਿੰਘ ਸਾਬੀ ਤੇ ਸਹੁਰਾ ਚੈਨ ਸਿੰਘ ਚੀਮਾ ਦੀ ਹਾਜ਼ਰੀ ਵਿੱਚ ਕੀਤੇ ਇਸ ਐਲਾਨ ਤੋਂ ਬਾਅਦ ਸ੍ਰੀ ਕੰਗ ਨੇ ਮਨਜਿੰਦਰ ਸਿੰਘ ਸਾਬੀ ਅਤੇ ਚੈਨ ਸਿੰਘ ਚੀਮਾ ਦੋਵਾਂ ਦੇ ਸਰੋਪਾ ਪਾ ਕੇ ਸਨਮਾਨ ਵੀ ਕੀਤਾ। ਕੁਝ ਘੰਟਿਆਂ ਬਾਅਦ ਹੀ ਸਿੱਧੂ ਧੜੇ ਨਾਲ ਸਬੰਧਤ ਬਹਾਦਰ ਸਿੰਘ ਓਕੇ ਤੇ ਹੋਰਨਾਂ ਆਗੂਆਂ ਨੇ ਕੌਂਸਲਰ ਸਿਮਰਨ ਕੌਰ ਸਮੇਤ ਉਸ ਦੇ ਪਤੀ ਮਨਜਿੰਦਰ ਸਿੰਘ ਸਾਬੀ ਤੇ ਉਸ ਦੇ ਸਹੁਰੇ ਚੈਨ ਸਿੰਘ ਚੀਮਾ ਦੇ ਸਰੋਪਾ ਪਾ ਕੇ ਸਮਰਥਨ ਹਾਸਲ ਹੋਣ ਦਾ ਦਾਅਵਾ ਕੀਤਾ।
ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਸਾਬੀ ਖੁਦ ਅਕਾਲੀ ਦਲ ਨਾਲ ਸਬੰਧਤ ਹੈ ਤੇ ਉਸ ਦਾ ਪਿਤਾ ਚੈਨ ਸਿੰਘ ਚੀਮਾ ਭਾਜਪਾ ਆਗੂ ਹੈ ਤੇ ਕੌਂਸਲ ਦਾ ਮੀਤ ਪ੍ਰਧਾਨ ਰਹਿ ਚੁੱਕਾ ਹੈ। ਇਸ ਸਬੰਧੀ ਜਦੋਂ ਕੌਂਸਲਰ ਸਿਮਰਨ ਕੌਰ ਦੇ ਪਤੀ ਮਨਜਿੰਦਰ ਸਿੰਘ ਚੀਮਾ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਨਹੀਂ ਬਦਲੀ ਸਗੋਂ ਪਹਿਲਾਂ ਵਾਂਗ ਹੀ ਆਪਣੀ ਪਾਰਟੀ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਦੀ ਚੋਣ ਲਈ ਉਸ ਸਾਫ਼ ਸੁਥਰੇ ਅਕਸ ਵਾਲੇ ਉਮੀਦਵਾਰ ਨੂੰ ਹੀ ਸਮਰਥਨ ਦੇਣਗੇ ਅਤੇ ਇਸ ਸਬੰਧੀ ਐਲਾਨ ਚੋਣ ਵਾਲੀ ਮਿਤੀ ਦੇ ਨੇੜੇ ਜਾ ਕੇ ਹੀ ਕਰਨਗੇ।