ਪੱਤਰ ਪ੍ਰੇਰਕ
ਕੁਰਾਲੀ, 27 ਜਨਵਰੀ
ਆਮ ਆਦਮੀ ਪਾਰਟੀ ਦੇ ਹਲਕਾ ਖਰੜ ਤੋਂ ਉਮੀਦਵਾਰ ਅਨਮੋਲ ਗਗਨ ਮਾਨ ਨੇ ਕਿਹਾ ਕਿ ਸੂਬੇ ‘ਚ ਆਪ ਦੀ ਸਰਕਾਰ ਬਣਨ ‘ਤੇ ਪੰਜਾਬ ਵਿੱਚੋਂ ਭਿ੍ਰਸ਼ਟਾਚਾਰ ਅਤੇ ਮਾਫੀਆ ਰਾਜ ਨੂੰ ਖਤਮ ਕਰਕੇ ਸਰਕਾਰ ਦਾ ਖਜ਼ਾਨਾ ਭਰੇਗੀ ਅਤੇ ਉਸ ਪੈਸੇ ਨਾਲ ਸੂਬੇ ਦੇ ਲੋਕਾਂ ਨੂੰ ਮੁਫ਼ਤ ਸਿਹਤ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਉਪਲੱਬਧ ਕਰਵਾਏਗੀ।
ਮਾਨ ਨੇ ਹਲਕੇ ਦੇ ਪਿੰਡ ਅਭੀਪੁਰ ਅਤੇ ਮਿਰਜ਼ਾਪੁਰ ਵਿਖੇ ਚੋਣ ਮੀਟਿੰਗਾਂ ਕਰਦੇ ਹੋਏ ਘਾੜ ਇਲਾਕੇ ਦੀਆਂ ਸਮੱਸਿਆਵਾਂ ਜਾਣੀਆਂ। ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਲੋਕਾਂ ਤੋਂ ਹਰ ਸਾਲ ਹਜ਼ਾਰਾਂ ਕਰੋੜ ਰੁਪਏ ਟੈਕਸ ਦੇ ਰੂਪ ਵਿੱਚ ਇਕੱਠੇ ਕੀਤੇ ਜਾਂਦੇ ਹਨ ਪਰ ਜਦੋਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਦੀ ਵਾਰੀ ਆਉਂਦੀ ਹੈ ਤਾਂ ਸਰਕਾਰਾਂ ਆਪਣਾ ਖਜ਼ਾਨਾ ਖਾਲੀ ਹੋਣ ਦਾ ਦਾਅਵਾ ਕਰਕੇ ਪੱਲਾ ਝਾੜ ਦਿੰਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਹਰ ਵਾਸੀ ਹਰ ਨਿੱਕੀ ਮੋਟੀ ਵਸਤੂ ਉੱਤੇ ਟੈਕਸ ਅਦਾ ਕਰਦਾ ਹੈ ਪਰ ਸਰਕਾਰਾਂ ਚਲਾਉਣ ਵਾਲੇ ਮੰਤਰੀ ਉਨ੍ਹਾਂ ਨੂੰ ਬੇਵਕੂਫ ਬਣਾਉਣ ਵਿਚ ਲੱਗੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੋਂਦ ਵਿੱਚ ਆਉਣ ਨਾਲ ਨਵੀਂ ਉਸਾਰੂ ਰਾਜਨੀਤੀ ਦਾ ਆਗਮਨ ਹੋਇਆ ਹੈ।