ਆਤਿਸ਼ ਗੁਪਤਾ
ਚੰਡੀਗੜ੍ਹ, 19 ਦਸੰਬਰ
ਚੰਡੀਗੜ੍ਹ ਨਗਰ ਨਿਗਮ ਚੋਣਾਂ ਲਈ ਪ੍ਰਚਾਰ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਚੰਡੀਗੜ੍ਹ ਪੁੱਜੇ। ਉਨ੍ਹਾਂ ਨੇ ਕਾਂਗਰਸ ਅਤੇ ਭਾਜਪਾ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ 1996 ’ਚ ਚੰਡੀਗੜ੍ਹ ਨਗਰ ਨਿਗਮ ਬਣਨ ਤੋਂ ਬਾਅਦ ਚੰਡੀਗੜ੍ਹ ਵਾਸੀਆਂ ਨੇ ਕਾਂਗਰਸ ਨੂੰ 13 ਸਾਲ ਅਤੇ ਭਾਜਪਾ ਨੂੰ 12 ਸਾਲ ਰਾਜ ਕਰਨ ਦਾ ਮੌਕਾ ਦਿੱਤਾ ਪਰ ਇਨ੍ਹਾਂ ਨੇ ਮਿਲ ਕੇ ਚੰਡੀਗੜ੍ਹ ਦਾ ਬੇੜਾ ਗਰਕ ਕਰ ਦਿੱਤਾ, ਹੁਣ ਪੰਜ ਸਾਲ ਲਈ ਇਕ ਮੌਕਾ ‘ਆਪ’ ਨੂੰ ਦਿੱਤਾ ਜਾਵੇ, ਵਿਕਾਸ ਕਰਕੇ ਦਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਦੇ ਚੰਡੀਗੜ੍ਹ ਏਸ਼ੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਹੁੰਦਾ ਸੀ ਪਰ ਦੋਵਾਂ ਪਾਰਟੀਆਂ ਨੇ ਸ਼ਹਿਰ ਨੂੰ ਗੰਦਾ ਕਰ ਦਿੱਤਾ ਹੈ। ਅਜ ਚੰਡੀਗੜ੍ਹ ਸਫ਼ਾਈ ਦੇ ਮਾਮਲੇ ਵਿੱਚ 66ਵੇਂ ਸਥਾਨ ’ਤੇ ਪਹੁੰਚ ਗਿਆ ਹੈ।
ਕੇਜਰੀਵਾਲ ਨੇ ਚੰਡੀਗੜ੍ਹ ਵਾਸੀਆਂ ਨਾਲ ਅੱਜ ਪੰਜ ਵਾਅਦੇ ਕੀਤੇ। ਉਨ੍ਹਾਂ ਕਿਹਾ,‘ਸਭ ਤੋਂ ਪਹਿਲਾਂ ਅਸੀਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਾਂਗੇ। ਜੋ ਪੈਸਾ ਪਹਿਲਾਂ ਨਗਰ ਨਿਗਮ ਦੇ ਭਾਜਪਾ ਅਤੇ ਕਾਂਗਰਸੀ ਆਗੂ ਖਾ ਜਾਂਦੇ ਸਨ, ਉਹ ਪੈਸੇ ਹੁਣ ਲੋਕਾਂ ਦੇ ਵਿਕਾਸ ’ਤੇ ਖਰਚ ਕੀਤੇ ਜਾਣਗੇ। ‘ਆਪ’ ਦੀ ਸਰਕਾਰ ਆਉਣ ’ਤੇ ਦਿੱਲੀ ਵਾਂਗ ਚੰਡੀਗੜ੍ਹ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਨਗਰ ਨਿਗਮ ਦਫਤਰ ਜਾਣ ਦੀ ਲੋੜ ਨਹੀਂ ਪਵੇਗੀ। ਨਗਰ ਨਿਗਮ ਦੇ ਕਰਮਚਾਰੀ ਖੁਦ ਲੋਕਾਂ ਦੇ ਘਰ ਆ ਕੇ ਉਨ੍ਹਾਂ ਦਾ ਸਾਰਾ ਕੰਮ ਕਰਨਗੇ। ਡੱਡੂਮਾਜਰਾ ਡੰਪਿੰਗ ਗਰਾਊਂਡ ਵਿੱਚ ਕੂੜੇ ਦੇ ਪਹਾੜ ਨੂੰ ਖਤਮ ਕੀਤਾ ਜਾਵੇਗਾ। ਚੰਡੀਗੜ੍ਹ ਵਿੱਚ ਕਿਤੇ ਵੀ ਕੂੜਾ ਦੇਖਣ ਨੂੰ ਨਹੀਂ ਮਿਲੇਗਾ। ਤੀਸਰਾ ਦਿੱਲੀ ਵਾਂਗ ਚੰਡੀਗੜ੍ਹ ਵਿੱਚ ਵੀ ਪਾਣੀ ਮੁਫ਼ਤ ਮਿਲੇਗਾ। ਚੌਥਾ ਸ਼ਹਿਰ ਦੀਆਂ ਸੜਕਾਂ ਬਣਾਉਣ, ਸਫਾਈ ਅਤੇ ਰੱਖ-ਰਖਾਅ ਦਾ ਸਾਰਾ ਕੰਮ ਹੁਣ ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। ਪੰਜਵਾਂ, ਔਰਤਾਂ ਦੀ ਸੁਰੱਖਿਆ ਲਈ ਵੱਖ-ਵੱਖ ਥਾਵਾਂ ’ਤੇ ਸੀਸੀਟੀਵੀ ਕੈਮਰੇ ਅਤੇ ਸਟਰੀਟ ਲਾਈਟਾਂ ਲਗਾਈਆਂ ਜਾਣਗੀਆਂ।
‘ਆਪ’ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਦਾ ਅਸਲੀ ਨਾਮ ਭਾਰਤੀ ਜੁਮਲਾ ਪਾਰਟੀ ਹੈ। ਭਾਜਪਾ ਆਗੂ ਸਿਰਫ ਬਿਆਨਬਾਜ਼ੀ ਕਰਦੇ ਹਨ। ਉਨ੍ਹਾਂ ਚੰਡੀਗੜ੍ਹ ਵਾਸੀਆਂ ਨੂੰ ਕਿਹਾ,‘ਝਾੜੂ ਦਾ ਬਟਨ ਤੁਹਾਡੀ ਕਿਸਮਤ ਦਾ ਬਟਨ ਹੈ, ਇਹ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਬਟਨ ਹੈ।’ ‘ਆਪ’ ਦੇ ਕੋ-ਇੰਚਾਰਜ ਪ੍ਰਦੀਪ ਛਾਬੜਾ ਨੇ ਕਿਹਾ ਕਿ ਭਾਜਪਾ ਚੰਡੀਗੜ੍ਹ ਨੂੰ ਵੀ ਨਿੱਜੀ ਹੱਥਾਂ ਵਿੱਚ ਸੌਂਪਦੀ ਜਾ ਰਹੀ ਹੈ ਜਿਨ੍ਹਾਂ ਨੇ 150 ਕਰੋੜ ਰੁਪਏ ਸਲਾਨਾ ਮੁਨਾਫ਼ੇ ਵਿੱਚ ਜਾ ਰਹੇ ਬਿਜਲੀ ਮਹਿਕਮੇ ਤੋਂ ਬਾਅਦ ਹੁਣ ਸੀਟੀਯੂ ਨੂੰ ਵੀ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਇੱਥੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ’ਤੇ ਲਾਠੀਚਾਰਜ ਕਰਕੇ ਪਰਚੇ ਦਰਜ ਕੀਤੇ ਗਏ, ਪਰ ਪ੍ਰਸ਼ਾਸਨ ਵਿੱਚ ਕਿਸੇ ਨੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ।
ਕੇਂਦਰੀ ਮੰਤਰੀ ਨੇ ਭਾਜਪਾ ਉਮੀਦਵਾਰਾਂ ਲਈ ਵੋਟਾਂ ਮੰਗੀਆਂ
ਚੰਡੀਗੜ੍ਹ: ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਚੰਡੀਗੜ੍ਹ ਨੂੰ ਮਿਨੀ ਭਾਰਤ ਦਾ ਦਰਜਾ ਦਿੰਦਿਆਂ ਕਿਹਾ ਕਿ ਇਸ ਸ਼ਹਿਰ ਵਿੱਚ ਦੇਸ਼ ਦੇ ਹਰ ਸੂਬੇ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਭਾਜਪਾ ਨੇ ਨਾ ਕੇਵਲ ਬਰਾਬਰ ਸਤਿਕਾਰ ਦਿੱਤਾ ਬਲਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਪਹੁੰਚਾਉਣ ਦਾ ਵੀ ਯਤਨ ਕੀਤਾ ਹੈ। ਨਿਤਿਆਨੰਦ ਰਾਏ ਐਤਵਾਰ ਨੂੰ ਚੰਡੀਗੜ੍ਹ ਵਿੱਚ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿੱਚ ਚੋਣ ਪ੍ਰਚਾਰ ਕਰ ਰਹੇ ਸਨ। ਉਨ੍ਹਾਂ ਵਾਰਡ ਨੰਬਰ 20 ਤੋਂ ਉਮੀਦਵਾਰ ਦੇਵੀ ਸਿੰਘ ਦੇ ਸਮਰਥਨ ਵਿੱਚ ਬਹਿਲਾਣਾ, ਵਾਰਡ ਨੰਬਰ 19 ਤੋਂ ਯੋਗੀਤਾ ਵਿੱਕੀ ਸ਼ੇਰਾ ਦੇ ਸਮਰਥਨ ਵਿੱਚ ਰਾਮ ਦਰਬਾਰ ਕਾਲੋਨੀ ਅਤੇ ਵਾਰਡ ਨੰਬਰ 32 ਤੋਂ ਜਸਮਨਪ੍ਰੀਤ ਸਿੰਘ ਦੇ ਸਮਰਥਨ ਵਿੱਚ ਸੈਕਟਰ 51 ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਭਾਜਪਾ ਉਮਦੀਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਾਸੀ ਵਿਕਾਸ ਦੇ ਨਾਮ ’ਤੇ ਭਾਜਪਾ ਨੂੰ ਵੋਟ ਦੇਣ। ਇਸ ਮੌਕੇ ਸਮਾਗਮ ਪ੍ਰਬੰਧਕ ਅਮਿਤ ਜਿੰਦਲ, ਵਾਰਡ ਪ੍ਰਧਾਨ ਵਿਨੋਦ ਕੁਮਾਰ ਚੌਹਾਨ, ਬਜਿੰਦਰ ਸੂਦ, ਤਜਿੰਦਰ ਹੁੰਦਲ, ਪ੍ਰਦੀਪ ਸ਼ਰਮਾ, ਰਾਜਿੰਦਰ ਜੋਸ਼ਲ ਸਮੇਤ ਕਈ ਆਗੂ ਹਾਜ਼ਰ ਸਨ। -ਟਨਸ