ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 10 ਅਗਸਤ
ਇਸ ਸਾਲ ਦਸੰਬਰ ਮਹੀਨੇ ਵਿੱਚ ਹੋਣ ਵਾਲੀਆਂ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਸਬੰਧੀ ਵਾਰਡਾਂ ਦੇ ਰਾਖਵੇਂਕਰਨ ਬਾਰੇ ਅਕਤੂਬਰ ਵਿੱਚ ਫੈ਼ਸਲਾ ਹੋਣ ਦੀ ਉਮੀਦ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਕਤੂਬਰ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਡਰਾਅ ਕੱਢੇ ਜਾਣ ਦੀ ਤਿਆਰੀ ਹੈ। ਡਰਾਅ ਵਿੱਚ ਕਰਵਾਈ ਜਾ ਰਹੀ ਦੇਰੀ ਕਾਰਨ ਸਿਆਸੀ ਪਾਰਟੀਆਂ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੇ ਆਪਣੇ ਅਧੀਨ ਪਿੰਡਾਂ ਨੂੰ ਨਗਰ ਨਿਗਮ ਦੇ ਅਧਿਕਾਰ ਖੇਤਰ ਹੇਠ ਲਿਆਉਣ ਮਗਰੋਂ ਵਾਰਡਾਂ ਦੀ ਗਿਣਤੀ 26 ਤੋਂ ਵਧਾ ਕੇ 35 ਕੀਤੀ ਗਈ ਸੀ। ਜਿਸ ਮਗਰੌਂ ਮੌਜੂਦਾ ਕੌਂਸਲਰਾਂ ਦੇ ਵਾਰਡਾਂ ਦੇ ਇਲਾਕੇ ਇੱਧਰ-ਉੱਧਰ ਰਲ ਗਏ ਸਨ। ਪ੍ਰਸ਼ਾਸਨ ਨੇ ਨਵੇਂ 35 ਵਾਰਡਾਂ ਵਿੱਚ ਛੇ ਵਾਰਡ ਮਹਿਲਾਵਾਂ (ਜਨਰਲ) ਤੇ ਸੱਤ ਵਾਰਡ ਹੋਰ ਰਾਖਵੀਂ ਕੈਟੇਗਰੀ ਲਈ ਰੱਖੇ ਹਨ, ਜਿਨ੍ਹਾਂ ਦੀਆਂ ਕੈਟੇਗਰੀਆਂ ਲਈ ਡਰਾਅ ਨਿਕਲਣਗੇ।