ਪੰਚਕੂਲਾ ( ਪੱਤਰ ਪ੍ਰੇਰਕ): ਇਥੇ ਰੋਜ਼ਾਨਾ ਕਰੋਨਾ ਦੇ ਕੇਸ ਵੱਧ ਰਹੇ ਹਨ ਤੇ 152 ਮਰੀਜ਼ਾਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਕਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ 30 ਬੈੱਡਾਂ ਦਾ ਜਨਰਲ ਵਾਰਡ ਤਿਆਰ ਕੀਤਾ ਗਿਆ ਹੈ। ਇਸੇ ਤਰ੍ਹਾਂ ਕਾਲਕਾ, ਪਿੰਜੌਰ, ਰਾਏਪੁਰਾਣੀ, ਮੋਰਨੀ ਅਤੇ ਬਰਵਾਲਾ ਦੇ ਸਰਕਾਰੀ ਹਸਪਤਾਲਾਂ ਵਿੱਚ ਆਕਸੀਜਨ ਅਤੇ ਬੈੱਡਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ 10 ਬੈੱਡ ਆਈਸੀਯੂ ਵਾਰਡ ਵਿੱਚ ਲਗਾਏ ਗਏ ਹਨ। ਸਿਵਲ ਸਰਜਨ ਡਾ. ਮੁਕਤਾ ਕੁਮਾਰ ਅਨੁਸਾਰ ਹਸਪਤਾਲ ਵਿੱਚ ਆਕਸੀਜਨ ਅਤੇ ਬੈੱਡ ਤੁਰੰਤ ਮੁਹੱਈਆ ਕਰਵਾਇਆ ਜਾਵੇਗਾ।