ਕੁਲਦੀਪ ਸਿੰਘ
ਚੰਡੀਗੜ੍ਹ, 17 ਸਤੰਬਰ
ਚੰਡੀਗੜ੍ਹ ਵਿੱਚ ਕਰੋਨਾਵਾਇਰਸ ਕਾਰਨ 18 ਸਾਲਾਂ ਦੀ ਲੜਕੀ ਸਣੇ ਪੰਜ ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਲੜਕੀ ਸੈਕਟਰ-42 ਦੀ ਵਸਨੀਕ ਸੀ ਜਿਸ ਨੂੰ ਸੈਕਟਰ-16 ਦੇ ਹਸਪਤਾਲ ਵਿੱਚ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ ਅਤੇ ਉਸ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਸੀ। ਇਸੇ ਤਰ੍ਹਾਂ ਸੈਕਟਰ-28 ਦੀ 48 ਸਾਲਾਂ ਦੀ ਔਰਤ ਦੀ ਸੈਕਟਰ-16 ਦੇ ਹਸਪਤਾਲ ਵਿਚ ਮੌਤ ਹੋ ਗਈ ਹੈ ਅਤੇ ਸੈਕਟਰ-55 ਦਾ ਬਜ਼ੁਰਗ ਅਤੇ ਸੈਕਟਰ-30 ਵਾਸੀ ਵਿਅਕਤੀ, ਜੋ ਸੈਕਟਰ-32 ਹਸਪਤਾਲ ਵਿਚ ਜ਼ੇਰੇ ਇਲਾਜ ਸਨ, ਦੀ ਮੌਤ ਹੋ ਗਈ ਹੈ। ਇਸੇ ਤਰ੍ਹਾਂ ਮਨੀਮਾਜਰਾ ਵਾਸੀ ਬਜ਼ੁਰਗ ਦੀ ਫੋਰਟਿਸ ਹਸਪਤਾਲ ਮੁਹਾਲੀ ਵਿਚ ਮੌਤ ਹੋਈ ਹੈ। ਲੜਕੀ ਨੂੰ ਛੱਡ ਕੇ ਬਾਕੀ ਸਾਰੇ ਮਰੀਜ਼ ਹਾਈਪਰਟੈਨਸ਼ਨ, ਡਾਇਬੀਟੀਜ਼ ਵਰਗੀਆਂ ਬਿਮਾਰੀਆਂ ਤੋਂ ਵੀ ਪੀੜਤ ਸਨ।
ਇਸੇ ਦੌਰਾਨ ਅੱਜ ਸ਼ਹਿਰ ਵਿੱਚ ਕਰੋਨਾ ਪੀੜਤ 288 ਨਵੇਂ ਕੇਸ ਸਾਹਮਣੇ ਆਏ ਹਨ ਤੇ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 9256 ਹੋ ਗਿਆ ਹੈ। ਸਿਹਤ ਵਿਭਾਗ ਮੁਤਾਬਕ ਇਹ ਮਰੀਜ਼ ਸੈਕਟਰ 2, 3, 7,8, 9, 10, 11, 12, 14, 15, 16, 17, 18 19, 20, 21, 22, 23, 24, 25, 26, 27, 28, 29, 30, 32, 33, 34, 35, 36, 37, 38, 39, 40, 41, 42, 43, 44, 45, 46 47, 48, 49, 50, 51, 52, 56, 61, 63, 38-ਵੈਸਟ, ਪੀ.ਜੀ.ਆਈ. ਕੈਂਪਸ, ਬਹਿਲਾਣਾ, ਡੱਡੂਮਾਜਰਾ, ਧਨਾਸ, ਹੱਲੋਮਾਜਰਾ, ਇੰਡਸਟਰੀਅਲ ਏਰੀਆ ਫੇਜ਼-2, ਕੈਂਬਵਾਲਾ, ਖੁੱਡਾ ਅਲੀਸ਼ੇਰ, ਖੁੱਡਾ ਜੱਸੂ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਆ, ਮਨੀਮਾਜਰਾ, ਮੌਲੀ ਜੱਗਰਾਂ, ਪਲਸੌਰਾ, ਰਾਏਪੁਰ ਖੁਰਦ, ਰਾਮ ਦਰਬਾਰ ਤੇ ਸਾਰੰਗਪੁਰ ਦੇ ਵਸਨੀਕ ਹਨ। ਅੱਜ 379 ਹੋਰ ਮਰੀਜ਼ ਡਿਸਚਾਰਜ ਹੋਏ ਹਨ ਤੇ ਹੁਣ ਤੱਕ 6062 ਮਰੀਜ਼ ਡਿਸਚਾਰਜ ਹੋ ਚੁੱਕੇ ਹਨ ਤੇ ਕੁੱਲ 106 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 3085 ਹੈ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਦੇ 242 ਨਵੇਂ ਕੇਸ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਪੰਚਕੂਲਾ ਇਲਾਕੇ ਨਾਲ ਸਬੰਧਤ 112 ਕੇਸ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇੱਕ ਮੌਤ ਵੀ ਹੋਈ ਹੈ। ਮਰਨ ਵਾਲਾ ਵਿਆਕਤੀ ਸੈਕਟਰ-12-ਏ ਪੰਚਕੂਲਾ ਦਾ ਰਹਿਣ ਵਾਲਾ ਸੀ। ਇਸ ਗੱਲ ਦੀ ਪੁਸ਼ਟੀ ਪੰਚਕੂਲਾ ਦੀ ਸਿਵਲ ਸਰਜਨ ਡਾ. ਜਸਜੀਤ ਕੌਰ ਵੱਲੋਂ ਕੀਤੀ ਗਈ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਰੂਪਨਗਰ ਜ਼ਿਲ੍ਹੇ ਵਿੱਚ ਅੱਜ 62 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਜਦੋਂ ਕਿ ਇੱਕ ਵਿਅਕਤੀ ਦੀ ਮੌਤ ਹੋਈ ਹੈ। ਸਿਵਲ ਸਰਜਨ ਡਾ. ਐੱਚਐੱਨ ਸ਼ਰਮਾ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 9, ਭਰਤਗੜ੍ਹ ਇਲਾਕੇ ਵਿੱਚ 4, ਨੰਗਲ ਇਲਾਕੇ ਵਿੱਚ 29, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿੱਚ 12, ਮੋਰਿੰਡਾ ਇਲਾਕੇ ਵਿੱਚ 3 ਅਤੇ ਨੂਰਪੁਰ ਬੇਦੀ ਇਲਾਕੇ ਵਿੱਚ 5 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਅੱਜ ਰੂਪਨਗਰ ਵਾਸੀ ਦੀ ਕਰੋਨਾ ਕਾਰਨ ਮੌਤ ਹੋਈ ਹੈ।
ਮੁਹਾਲੀ ਜ਼ਿਲ੍ਹੇ ਵਿੱਚ 278 ਨਵੇਂ ਕੇਸ, ਚਾਰ ਮੌਤਾਂ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਦੇ 278 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਜ਼ਿਲ੍ਹੇ ਵਿੱਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 7652 ’ਤੇ ਪਹੁੰਚ ਗਈ ਹੈ। ਅੱਜ ਔਰਤ ਸਮੇਤ ਚਾਰ ਕਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ 152 ਕਰੋਨਾ ਪੀੜਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ 236 ਮਰੀਜ਼ਾਂ ਨੂੰ ਠੀਕ ਹੋਣ ਉਪਰੰਤ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਥੋਂ ਦੇ ਸੋਹਾਣਾ ਚੈਰੀਟੇਬਲ ਹਸਪਤਾਲ ਵਿੱਚ ਖਰੜ ਦੇ 55 ਸਾਲਾਂ ਦੇ ਪੁਰਸ਼ ਦੀ ਮੌਤ ਹੋਈ ਹੈ। ਉਹ ਪਹਿਲਾਂ ਹੀ ਕਿਡਨੀ ਅਤੇ ਲੰਗਜ਼ ਦੀ ਬਿਮਾਰੀ ਤੋਂ ਪੀੜਤ ਸੀ। ਪਿੰਡ ਬਡਾਣਾ ਦੀ 60 ਸਾਲਾਂ ਦੀ ਬਿਰਧ ਔਰਤ ਨੇ ਸਰਕਾਰੀ ਹਸਪਤਾਲ ਅੰਬਾਲਾ ਵਿੱਚ ਦਮ ਤੋੜ ਦਿੱਤਾ ਹੈ। ਇੰਜ ਹੀ ਪਿੰਡ ਛੱਤ ਦੇ 62 ਸਾਲਾਂ ਦੇ ਬਜ਼ੁਰਗ ਅਤੇ ਪਿੰਡ ਦੇਸੂਮਾਜਰਾ ਦੇ 80 ਸਾਲਾਂ ਦੇ ਬਜ਼ੁਰਗ ਦੀ ਮੌਤ ਹੋਈ ਹੈ। ਇਹ ਦੋਵੇਂ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਊਨ੍ਹਾਂ ਦੱਸਿਆ ਕਿ ਅੱਜ 278 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚ 73 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚ 69, ਢਕੌਲੀ ਵਿੱਚ 71, ਬੂਥਗੜ੍ਹ ਵਿੱਚ 2, ਕੁਰਾਲੀ ਵਿੱਚ 19, ਲਾਲੜੂ ਵਿੱਚ 4 ਅਤੇ ਡੇਰਾਬੱਸੀ ਵਿੱਚ 14 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਸਮੇਂ ਮੁਹਾਲੀ ਜ਼ਿਲ੍ਹੇ ਵਿੱਚ 2481 ਕੇਸ ਐਕਟਿਵ ਹਨ ਜਦੋਂਕਿ 5019 ਮਰੀਜ਼ ਸਿਹਤਯਾਬ ਹੋ ਕੇ ਆਪਣੇ ਘਰ ਪਰਤ ਚੁੱਕੇ ਹਨ।