ਮੁਕੇਸ਼ ਕੁਮਾਰ
ਚੰਡੀਗੜ੍ਹ, 5 ਫਰਵਰੀ
ਚੰਡੀਗੜ੍ਹ ਨਗਰ ਨਿਗਮ ਵਲੋਂ ਸ਼ਹਿਰ ਵਿੱਚ ‘ਨੋ ਪਲਾਸਟਿਕ’ ਮੁਹਿੰਮ ਦੇ ਆਗਾਜ਼ ਮੌਕੇ ਇਥੇ ਸੈਕਟਰ 17 ਵਿੱਚ ਖੇਡੇ ਗਏ ਨੁੱਕੜ ਨਾਟਕ ਕਾਰਨ ਹੰਗਾਮਾ ਹੋ ਗਿਆ। ਇਸ ਮੌਕੇ ਮੇਅਰ ਸਰਬਜੀਤ ਕੌਰ, ਕਮਿਸ਼ਨਰ ਅਨੰਦਿਤਾ ਮਿਤਰਾ ਸਮੇਤ ਹੋਰ ਅਫਸਰ ਵੀ ਹਾਜ਼ਰ ਸਨ। ਨਾਟਕ ਵਿੱਚ ਯਮਰਾਜ ਤੇ ਉਨ੍ਹਾਂ ਦੀ ਸਵਾਰੀ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਬੋਲੇ ਗਏ ਕੁੱਝ ਡਾਇਲਾਗ ‘ਤੇ ਦਰਸ਼ਕਾਂ ਨੇ ਇਤਰਾਜ਼ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਅਜਿਹਾ ਕਰਕੇ ਹਿੰਦੂ ਦੇਵੀ ਦੇਵਤਾਵਾਂ ਦਾ ਮਜ਼ਾਕ ਉਡਾਇਆ ਗਿਆ ਹੈ। ਉਨ੍ਹਾਂ ਨੁੱਕੜ ਨਾਟਕ ਤੁਰੰਤ ਬੰਦ ਕਰਨ ਦੀ ਮੰਗ ਕੀਤੀ। ਹੰਗਾਮਾ ਵਧਦਾ ਦੇਖ ਮੇਅਰ, ਕਮਿਸ਼ਨਰ ਤੇ ਹੋਰ ਅਧਿਕਾਰੀ ਉਥੋਂ ਚਲੇ ਗਏ।
ਨਿਗਮ ਵਲੋਂ ਸ਼ਹਿਰ ਵਿੱਚ ‘ਨੋ-ਪਲਾਸਟਿਕ’ ਸਲੋਗਨ ਹੇਠ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ ਤਹਿਤ ਮੇਅਰ ਸਰਬਜੀਤ ਕੌਰ, ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਤੇ ਅਧਿਕਾਰੀਆਂ ਸੈਕਟਰ 17 ਵਿੱਚ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਮੇਅਰ ਨੇ ਇਸ ਮੌਕੇ ਕਿਹਾ ਕਿ ਇਸ ਮੁਹਿੰਮ ਤਹਿਤ ਪਹਿਲਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ, ਮਗਰੋਂ ਸਖਤ ਕਾਰਵਾਈ ਕੀਤੀ ਜਾਵੇਗੀ। ਡਿਫਾਲਟਰਾਂ ‘ਤੇ ਜੁਰਮਾਨੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਆਦੇਸ਼ਾਂ ਦੀ ਉਲੰਘਣਾ ਕਰਨ ‘ਤੇ ਦੁਕਾਨਦਾਰਾਂ ਦਾ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। ਚੰਡੀਗੜ੍ਹ ਸ਼ਹਿਰ ਨੂੰ ਸਵੱਛਤਾ ਦੇ ਮਾਮਲੇ ਵਿੱਚ ਨੰਬਰ 1 ‘ਤੇ ਲਿਆਉਣ ਲਈ ਸਾਨੂੰ ਪਲਾਸਟਿਕ ਦੇ ਪਬੰਦੀਸ਼ੁਦਾ ਲਿਫਾਫਿਆਂ ਦੀ ਵਰਤੋਂ ਛੱਡ ਕੇ ਵਾਤਾਵਰਣ ਹਿਤੈਸ਼ੀ ਲਿਫ਼ਾਫਿਆਂ ਦੀ ਵਰਤੋਂ ਦੀ ਆਦਤ ਪਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਵਿੱਚ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਦੀ ਮਦਦ ਵੀ ਲਈ ਜਾਵੇਗੀ। ਇਸ ਮੌਕੇ ਮਿਸ਼ਨ ‘ਸਵੱਛ ਚੰਡੀਗੜ੍ਹ’ ਤਹਿਤ ਮੇਅਰ ਸਰਬਜੀਤ ਕੌਰ ਅਤੇ ਨਿਗਮ ਕਮਿਸ਼ਨਰ ਅਨੰਦਿਤਾ ਮਿਤਰਾ ਵਲੋਂ ਦੁਕਾਨਾਂ ’ਤੇ ਸਵੱਛਤਾ ਪ੍ਰਤੀ ਜਾਗਰੂਕ ਕਰਨ ਵਾਲੇ ਸਟਿੱਕਰ ਵੀ ਚਿਪਕਾਏ ਗਏ। ਉਨ੍ਹਾਂ ਦੱਸਿਆ ਕਿ ਅਜਿਹੇ ਸਟਿੱਕਰ ਪੂਰੇ ਸ਼ਹਿਰ ਵਿੱਚ ਲਗਾਏ ਜਾਣਗੇ। ਕਮਿਸ਼ਨਰ ਨੇ ਦੱਸਿਆ ਕਿ ਜਿਵੇਂ ਸ਼ਹਿਰ ਵਿੱਚ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖੋ ਵੱਖਰਾ ਨਾ ਕਰਨ ਵਾਲਿਆਂ ਦੇ ਚਲਾਨ ਕਰਕੇ ਜੁਰਮਾਨਾ ਵਸੂਲਿਆ ਜਾਂਦਾ ਹੈ, ਉਸੇ ਤਰ੍ਹਾਂ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਸਾਮਾਨ ਦੀ ਵਰਤੋਂ ਕਰਨ ’ਤੇ ਪੰਜ ਹਜ਼ਾਰ ਰੁਪਏ ਦਾ ਚਲਾਨ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਹਰ ਸੈਕਟਰ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ ਤੇ 8 ਫਰਵਰੀ ਨੂੰ ਸ਼ਹਿਰ ਦੀਆਂ ਰੈਜ਼ੀਡੈਂਟਸ ਵੈਲਫੇਅਰ ਐਸੀਸੀਏਸ਼ਨਾਂ ਨੂੰ ਨਾਲ ਲੈ ਕੇ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ। ਸੈਕਟਰ 17 ਤੋਂ ਬਾਅਦ ਸੈਕਟਰ 15 ਦੇ ਕਮਿਊਨਿਟੀ ਸੈਂਟਰ ਵਿੱਚ ਵੀ ਜਾਗਰੂਕਤਾ ਪ੍ਰੋਗਰਾਮ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ ਪਾਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਧੜੱਲੇ ਨਾਲ ਕੀਤੀ ਜਾ ਰਹੀ ਹੈ। ਸ਼ਹਿਰ ਨੂੰ ਪਲਾਸਟਿਕ ਮੁਕਤ ਬਣਾਉਣ ਲਈ ਪਲਾਸਟਿਕ ਵੇਸਟ ਮੇਨੇਜਮੈਂਟ (ਪੀਡਬਲਿਊਐਮ) ਰੁੂਲਜ਼ 2016 ਤਹਿਤ ਪ੍ਰਸ਼ਾਸਨ ਕਈ ਵਾਰ ਸਖਤੀ ਕਰ ਚੁੱਕਿਆ ਹੈ। ਇਸਦੇ ਬਾਵਜੂਦ ਸ਼ਹਿਰ ਵਿੱਚ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਪੌਲਿਊਸ਼ਨ ਕੰਟਰੋਲ ਬੋਰਡ ਵੀ ਕਈ ਵਾਰ ਇਸ ਮੁੱਦੇ ਉੱਤੇ ਚਿਤਾਵਨੀ ਜਾਰੀ ਕਰ ਚੁੱਕਾ ਹੈ।