ਹਰਜੀਤ ਸਿੰਘ
ਡੇਰਾਬੱਸੀ, 20 ਅਪਰੈਲ
ਫੂਡ ਸੁਰੱਖਿਆ ਵਿਭਾਗ ਦੀ ਟੀਮ ਵੱਲੋਂ ਅੱਜਪੁਲੀਸ ਨਾਲ ਰਲ ਕੇ ਖੇਤਰ ਵਿੱਚ ਦੁਕਾਨਦਾਰਾਂ ਨੂੰ ਵੇਰਕਾ ਦਾ ਨਕਲੀ ਦੇਸੀ ਘਿਓ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਗਿਆ। ਮੁਲਜ਼ਮ ਦੀ ਪਛਾਣ ਗੁਰਮੁੱਖ ਸਿੰਘ ਵਾਸੀ ਸੋਹਾਣਾ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਗੁਰਮੁੱਖ ਸਿੰਘ ਪਹਿਲਾਂ ਰਿਲਾਇੰਸ ਸਟੋਰ ਵਿੱਚ ਕੰਮ ਕਰਦਾ ਸੀ ਪਰ ਬਾਅਦ ਵਿੱਚ ਕਿਸਾਨਾਂ ਵੱਲੋਂ ਸਟੋਰ ਬੰਦ ਕਰ ਦਿੱਤਾ ਗਿਆ। ਇਸ ਮਗਰੋਂ ਉਹ ਆਪਣੇ ਪੱਧਰ ’ਤੇ ਦੁਕਾਨਦਾਰਾਂ ਨੂੰ ਕਰਿਆਨੇ ਦਾ ਸਾਮਾਨ ਸਪਲਾਈ ਕਰਨ ਲੱਗ ਗਿਆ। ਮਾਮਲੇ ਦੇ ਪੜਤਾਲੀਆ ਪੁਲੀਸ ਅਫਸਰ ਏਐੱਸਆਈ ਮੇਵਾ ਸਿੰਘ ਨੇ ਦੱਸਿਆ ਕਿ ਮੁਲਜ਼ਮ ਡੇਰਾਬੱਸੀ ਦੇ ਦੁਕਾਨਦਾਰ ਨੂੰ ਦੇਸੀ ਘਿਓ ਸਪਲਾਈ ਕਰਨ ਆਇਆ ਸੀ ਜਿਸ ਦੌਰਾਨ ਉਸ ਨੂੰ ਕਾਬੂ ਕਰ ਲਿਆ ਗਿਆ। ਥਾਣਾ ਮੁਖੀ ਸਹਾਇਕ ਇੰਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਇਹ ਘਿਓ ਕਿੱਥੋਂ ਲੈ ਕੇ ਆਉਂਦਾ ਸੀ। ਉਨ੍ਹਾਂਨੇ ਕਿਹਾ ਕਿ ਜਾਂਚ ਦੌਰਾਨ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਵੱਲੋਂ ਸ਼ਹਿਰ ਦੇ ਕਈ ਦੁਕਾਨਦਾਰਾਂ ਨੂੰ ਵੇਰਕਾ ਕੰਪਨੀ ਦਾ ਦੇਸੀ ਘਿਓ ਸਪਲਾਈ ਕੀਤਾ ਗਿਆ ਜੋ ਦੁਕਾਨਦਾਰਾਂ ਵੱਲੋਂ ਨਵਰਾਤਰਿਆ ਦੌਰਾਨ ਵੇਚ ਦਿੱਤਾ ਗਿਆ।