ਹਰਜੀਤ ਸਿੰਘ
ਜ਼ੀਰਕਪੁਰ, 9 ਨਵੰਬਰ
ਸ਼ਹਿਰ ਵਿੱਚ ਪੁਲੀਸ ਨੇ ਲੰਘੇ ਦਿਨੀਂ ਇੱਥੋਂ ਦੀ ਰਾਇਲ ਅਸਟੇਟ ਸੁਸਾਇਟੀ ਦੇ ਇਕ ਫਲੈਟ ਵਿੱਚ ਹੋਈ ਲੱਖਾਂ ਰੁਪਏ ਕੀਮਤ ਦੇ ਗਹਿਣੇ ਚੋਰੀ ਕਰਨ ਦਾ ਵਾਰਦਾਤ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਲੜਕਾ ਤੇ ਲੜਕੀ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਵੱਲੋਂ ਚੋਰੀ ਕੀਤੇ ਗਏ 31 ਤੋਲੇ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਬਰਾਮਦ ਕਰ ਲਿਆ। ਚੋਰੀ ਦੀ ਇਸ ਯੋਜਨਾ 23 ਸਾਲਾ ਦੀ ਲੜਕੀ ਨੇ ਤਿਆਰ ਕੀਤੀ ਸੀ ਜਿਨ੍ਹਾਂ ਵੱਲੋਂ ਬੜੀ ਆਸਾਨੀ ਨਾਲ ਘਰ ਵਿੱਚੋਂ ਗਹਿਣੇ ਚੋਰੀ ਕਰ ਲਏ ਪਰ ਬਾਅਦ ਵਿੱਚ ਉਹ ਪੁਲੀਸ ਦੇ ਅੜਿੱਕੇ ਆ ਗਏ।
ਜ਼ੀਰਕਪੁਰ ਪੁਲੀਸ ਸਟੇਸ਼ਨ ਵਿੱਚ ਰੱਖੀ ਪ੍ਰੈਸ ਕਾਨਫਰੰਸ ਦੌਰਾਨ ਡੀ.ਐੱਸ.ਪੀ. ਹਰਜਿੰਦਰ ਸਿੰਘ ਗਿੱਲ, ਥਾਣਾ ਮੁੁਖੀ ਓਂਕਾਰ ਸਿੰਘ ਬਰਾੜ ਅਤੇ ਸਹਾਇਕ ਇੰਸਪੈਕਟਰ ਕਮਲ ਤਨੇਜਾ ਨੇ ਦੱਸਿਆ ਕਿ ਨੀਰਜ ਸਹਾਰਨ ਵਾਸੀ ਫਲੈਟ ਨੰਬਰ 4 ਟਾਵਰ ਨੰਬਰ 21 ਨੇ ਦੱਸਿਆ ਕਿ ਲੰਘੀ 27 ਅਕਤੂਬਰ ਨੂੰ ਉਹ ਆਪਣੇ ਫਲੈਟ ਨੂੰ ਤਾਲਾ ਲਾ ਕੇ ਆਪਣੇ ਪਰਿਵਾਰ ਨਾਲ ਰਾਜਸਥਾਨ ਗੰਗਾਨਗਰ ਰਿਸ਼ਤੇਦਾਰੀ ਵਿੱਚ ਗਿਆ ਸੀ। ਉਸ ਦੇ ਗੁਆਂਢੀ ਨੇ ਫੋਨ ’ਤੇ ਸੂਚਨਾ ਦਿੱਤੀ ਕਿ ਉਸ ਦੇ ਫਲੈਟ ਵਿੱਚ ਚੋਰੀ ਹੋ ਗਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਸੂਚਨਾ ਮਿਲਣ ਮਗਰੋਂ ਜਦ ਉਹ 31 ਅਕਤੂਬਰ ਨੂੰ ਵਾਪਸ ਆਇਆ ਤਾਂ ਘਰ ਵਿੱਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ ਅਤੇ ਅੰਦਰ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਘਰ ਵਿੱਚੋਂ ਸੋਨੇ ਦੇ ਗਹਿਣੇ, ਨਕਦੀ ਅਤੇ ਹੋਰ ਸਾਮਾਨ ਗਾਇਬ ਸੀ। ਉਸ ਦੀ ਸ਼ਿਕਾਇਤ ’ਤੇ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ।
ਡੀ.ਐੱਸ.ਪੀ. ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਮਗਰੋਂ ਸਾਹਮਣੇ ਆਇਆ ਕਿ ਚੋਰੀ ਦੀ ਵਾਰਦਾਤ ਇਕ ਮੁੰਡੇ ਕੁੜੀ ਵੱਲੋਂ ਕੀਤੀ ਗਈ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਸਤਿੰਦਰਪਾਲ ਸਿੰਘ ਉਰਫ਼ ਸਾਹਿਬ ਵਾਸੀ ਬਾਦਲ ਕਲੋਨੀ ਅਤੇ ਸਿਮਰਨਪ੍ਰੀਤ ਕੌਰ ਵਾਸੀ ਪਿੰਡ ਰੂਹੜੀਆਂ, ਮੁਕਤਸਰ ਹਾਲ ਵਾਸੀ ਬਾਦਲ ਕਲੋਨੀ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਦੋਵੇਂ ਕੁੜੀ ਮੁੰਡਾ ਇਕੱਠੇ ਇਕ ਘਰ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਯੋਜਨਾ ਲੜਕੀ ਨੇ ਤਿਆਰ ਕੀਤੀ ਸੀ। ਉਹ ਰਾਇਲ ਅਸਟੇਟ ਆਪਣੇ ਇਕ ਜਾਣ ਪਛਾਣ ਦੇ ਘਰ ਜਾਂਦੀ ਆਉਂਦੀ ਸੀ। ਉਸ ਨੇ ਇਸ ਫਲੈਟ ਨੂੰ ਲੰਘੇ ਕਈਂ ਦਿਨਾਂ ਤੋਂ ਬੰਦ ਪਾਇਆ ਜਿਸ ਮਗਰੋਂ ਉਸਨੇ ਉੱਕਤ ਫਲੈਟ ਵਿੱਚ ਆਪਣੇ ਦੋਸਤ ਨਾਲ ਰਲ ਕੇ ਚੋਰੀ ਦੀ ਯੋਜਨਾ ਤਿਆਰ ਕੀਤੀ ਤਾਂ ਜੋ ਖਰਚੇ ਕੱਢੇ ਜਾ ਸਕਣ। ਲੜਕੀ ਇੱਥੇ ਰਹਿ ਕੇ ਆਈਲੈੱਟਸ ਦੀ ਤਿਆਰੀ ਕਰ ਰਹੀ ਸੀ ਜਦਕਿ ਮੁੰਡਾ ਪ੍ਰਾਪਰਟੀ ਦਾ ਕੰਮ ਕਰਦਾ ਹੈ। ਦੋਵਾਂ ਦੀ ਜਾਣ-ਪਛਾਣ ਹੋਣ ਮਗਰੋਂ ਉਹ ਇਕੱਠੇ ਰਹਿਣ ਲੱਗ ਗਏ।