ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 20 ਮਈ
ਸਿਹਤ ਵਿਭਾਗ ਅਤੇ ਮੁਹਾਲੀ ਪੁਲੀਸ ਨੇ ਅੱਜ ਸਾਂਝੇ ਅਪਰੇਸ਼ਨ ਦੌਰਾਨ ਇੱਥੋਂ ਦੇ ਫੇਜ਼-6 ਸਥਿਤ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਵਿਕਰੀ ਦੀ ਕਾਲਾਬਜ਼ਾਰੀ ਦਾ ਪਰਦਾਫਾਸ਼ ਕਰਦਿਆਂ ਇਕ ਪ੍ਰਾਈਵੇਟ ਕੰਪਨੀ ਦੇ ਕਰਿੰਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਹੁਲ ਕੁਮਾਰ ਵਜੋਂ ਹੋਈ ਹੈ। ਇਸ ਗੱਲ ਦਾ ਖੁਲਾਸਾ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਆਕਸੀਜਨ ਸਿਲੰਡਰਾਂ ਦੀ ਸਪਲਾਈ ਦੇ ਪ੍ਰਬੰਧ ਅਤੇ ਕੰਟਰੋਲ ਲਈ ‘ਮੈਕ ਟੈਕ ਇੰਜਨੀਅਰਜ਼’ ਨਾਮੀ ਕੰਪਨੀ ਨੂੰ ਠੇਕਾ ਦਿੱਤਾ ਹੋਇਆ ਹੈ। ਉਨ੍ਹਾਂ ਨੂੰ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਕੰਪਨੀ ਦਾ ਇਕ ਕਰਿੰਦਾ ਹਸਪਤਾਲ ਵਿੱਚ ਆਉਣ ਵਾਲੇ ਆਕਸੀਜਨ ਸਿਲੰਡਰ ਚੋਰੀ-ਛਿਪੇ ਬਾਹਰ ਵੇਚਦਾ ਹੈ ਅਤੇ ਬਦਲੇ ਵਿੱਚ ਮੋਟੇ ਪੈਸੇ ਲੈਂਦਾ ਹੈ।
ਸਿਵਲ ਸਰਜਨ ਨੇ ਤੁਰੰਤ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਧਿਆਨ ਵਿੱਚ ਲਿਆਂਦਾ ਜਿਨ੍ਹਾਂ ਪੁਲੀਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਹੁਕਮ ਦਿੱਤੇ। ਇਸ ਦੌਰਾਨ ਸਿਹਤ ਵਿਭਾਗ ਦੇ ਇਕ ਕਰਮਚਾਰੀ ਨੇ ਫਰਜ਼ੀ ਗਾਹਕ ਬਣ ਕੇ ਉਕਤ ਕਰਿੰਦੇ ਨੂੰ ਆਕਸੀਜਨ ਸਿਲੰਡਰ ਖ਼ਰੀਦਣ ਲਈ ਫੋਨ ਕੀਤਾ ਅਤੇ 25 ਹਜ਼ਾਰ ਰੁਪਏ ਪ੍ਰਤੀ ਸਿਲੰਡਰ ਸੌਦਾ ਤੈਅ ਹੋਇਆ। ਇਸ ਤੋਂ ਬਾਅਦ ਸਿਹਤ ਵਿਭਾਗ ਦਾ ਕਰਮਚਾਰੀ ਕਰਿੰਦੇ ਵੱਲੋਂ ਸਰਕਾਰੀ ਹਸਪਤਾਲ ਦੇ ਪਿੱਛੇ ਦੱਸੀ ਹੋਈ ਥਾਂ (ਮੈਕਸ ਹਸਪਤਾਲ ਵੱਲ) ਅੱਜ ਬਾਅਦ ਦੁਪਹਿਰ 2 ਵਜੇ ਪਹੁੰਚ ਗਿਆ ਅਤੇ ਉਕਤ ਕਰਿੰਦੇ ਨੇ ਆਕਸੀਜਨ ਦਾ ਸਿਲੰਡਰ ਤੁਰੰਤ ਉਸ ਦੀ ਗੱਡੀ ਵਿੱਚ ਰਖਵਾ ਦਿੱਤਾ ਅਤੇ ਬਦਲੇ ਵਿੱਚ ਨੋਟ ਲੈ ਲਏ ਜਿਸ ਨੂੰ ਮੌਕੇ ’ਤੇ ਪੁਲੀਸ ਦੀ ਟੀਮ ਨੇ ਰੰਗੇ-ਹੱਥੀਂ ਕਾਬੂ ਕਰਕੇ ਹਿਰਾਸਤ ਵਿਚ ਲੈ ਲਿਆ। ਮੁਲਜ਼ਮ ਕਰਿੰਦੇ ਕੋਲੋਂ ਪੁੱਛਗਿੱਛ ਜਾਰੀ ਹੈ।