ਪੀਪੀ ਵਰਮਾ
ਪੰਚਕੂਲਾ, 7 ਦਸੰਬਰ
ਹਰਿਆਣਾ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋਂ ਹਰਿਆਣਾ ਦੇ ਪਾਰਟੀ ਇੰਚਾਰਜ ਵਿਵੇਕ ਬਾਂਸਲ, ਸੂਬਾ ਪ੍ਰਧਾਨ ਕੁਮਾਰੀ ਸ਼ੈਲਜਾ, ਰਣਦੀਪ ਸਿੰਘ ਸੁਰਜੇਵਾਲਾ, ਕੁਲਦੀਪ ਬਿਸ਼ਨੋਈ ਨੇ ਹਰਿਆਣਾ ਲੋਕ ਸੇਵਾ ਆਯੋਗ ਦਫ਼ਤਰ ਦਾ ਘਿਰਾਓ ਕੀਤਾ। ਪੁਲੀਸ ਨੇ ਕੁਮਾਰੀ ਸ਼ੈਲਜਾ, ਚੰਦਰ ਮੋਹਨ ਅਤੇ ਰਣਦੀਪ ਸੁਰਜੇਵਾਲਾ ਨੂੰ ਹਿਰਾਸਤ ਵਿਚ ਲੈ ਲਿਆ। ਪੁਲੀਸ ਇਨ੍ਹਾਂ ਆਗੂਆਂ ਨੂੰ ਰਾਮਗੜ੍ਹ ਨੇੜੇ ਪੁਲੀਸ ਲਾਈਨ ਵਿਚ ਲੈ ਗਈ ਜਿੱਥੇ ਜਾ ਕੇ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਕਾਂਗਰਸ ਵੱਲੋਂ ਅੱਜ ਜਿਥੇ ਪ੍ਰਦਰਸ਼ਨ ਕੀਤਾ ਗਿਆ ਉਸ ਦੇ ਬਿਲਕੁਲ ਸਾਹਮਣੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਇਕ ਪ੍ਰੋਗਰਾਮ ਵਿਚ ਸ਼ਿਰਕਤ ਕਰਨ ਆਏ ਸਨ। ਪੁਲੀਸ ਨੂੰ ਖਦਸ਼ਾ ਸੀ ਕਿ ਕਾਂਗਰਸੀ ਪ੍ਰਦਰਸ਼ਨਕਾਰੀ ਮੁੱਖ ਮੰਤਰੀ ਦੇ ਪ੍ਰੋਗਰਾਮ ਵਿਚ ਪੁੱਜ ਕੇ ਵਿਰੋਧ ਪ੍ਰਦਰਸ਼ਨ ਕਰਨਗੇ।
ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਚੰਦਰ ਮੋਹਨ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਭ੍ਰਿਸ਼ਟਾਚਾਰ ਵਿਚ ਫਸੇ ਅਧਿਕਾਰੀਆਂ ਨੂੰ ਸਹਾਰਾ ਦੇ ਕੇ ਨੌਜਵਾਨਾਂ ਨਾਲ ਧੋਖਾ ਕੀਤਾ ਹੈ। ਹਰਿਆਣਾ ਲੋਕ ਸੇਵਾ ਆਯੋਗ ਦਾ ਨੌਕਰੀ ਘੁਟਾਲਾ ਦੇਸ਼ ਵਿਚ ਸਭ ਤੋਂ ਵੱਡਾ ਘੁਟਾਲਾ ਹੈ। ਹਰਿਆਣਾ ਲੋਕ ਸੇਵਾ ਆਯੋਗ ਦੇ ਦਫ਼ਤਰ ਵਿਚ ਕਰੋੜਾਂ ਰੁਪਏ ਦੀ ਵੱਡੀ ਰਕਮ ਪਹਿਲੀ ਵਾਰ ਫੜੀ ਗਈ ਹੈ। ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ ਵਿਚ ਭਾਰਤੀ ਜਨਤਾ ਪਾਰਟੀ ਦੇ ਰਾਜ ਵਿਚ ਇਸੇ ਤਰ੍ਹਾਂ ਦੇ ਕਈ ਘੁਟਾਲੇ ਹੋਏ ਹਨ। ਉਨ੍ਹਾਂ ਕਿਹਾ ਕਿ ਇਮਾਨਦਾਰੀ ਦਾ ਢੋਲ ਵਜਾਉਣ ਵਾਲੀ ਸਰਕਾਰ ਦੀ ਪੋਲ ਖੁੱਲ੍ਹ ਗਈ ਹੈ। ਅੱਜ ਹਰਿਆਣਾ ਸਰਕਾਰ ਨੇ ਨੌਕਰੀਆਂ ਦੀ ਸੇਲ ਲਾ ਰੱਖੀ ਹੈ ਜੋ ਜ਼ਿਆਦਾ ਬੋਲੀ ਲਾਵੇਗਾ ਉਸ ਨੂੰ ਹੀ ਨੌਕਰੀ ਮਿਲੇਗੀ। ਇਸ ਮੌਕੇ ਹਰਿਆਣਾ ਦੇ ਰਾਜਪਾਲ ਨੂੰ ਮੰਗ ਪੱਤਰ ਵੀ ਦਿੱਤਾ ਗਿਆ।