ਆਤਿਸ਼ ਗੁਪਤਾ
ਚੰਡੀਗੜ੍ਹ, 6 ਜੁਲਾਈ
ਰਸੋਈ ਗੈਸ ਦੀ ਕੀਮਤ ਵਿੱਚ ਵਾਧੇ ਖ਼ਿਲਾਫ਼ ਅੱਜ ਚੰਡੀਗੜ੍ਹ ਕਾਂਗਰਸ ਨੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਐੱਚਐੱਸ ਲੱਕੀ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਸੈਕਟਰ 35 ਸਥਿਤ ਚੰਡੀਗੜ੍ਹ ਕਾਂਗਰਸ ਦੇ ਦਫ਼ਤਰ ਤੋਂ ਰੋਸ ਮਾਰਚ ਸ਼ੁਰੂ ਕੀਤਾ। ਜਦੋਂ ਕਾਂਗਰਸੀ ਕਾਰਕੁਨ ਸੈਕਟਰ-33 ’ਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਲਈ ਅੱਗੇ ਵਧੇ ਤਾਂ ਪੁਲੀਸ ਨੇ ਰਾਹ ਵਿੱਚ ਹੀ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਸ੍ਰੀ ਲੱਕੀ ਨੇ ਕਿਹਾ ਕਿ ਸਾਲ 2014 ਵਿੱਚ ਰਸੋਈ ਗੈਸ ਸਿਲੰਡਰ ਦੀ ਕੀਮਤ 400 ਰੁਪਏ ਤੋਂ ਘੱਟ ਹੁੰਦੀ ਸੀ ਪਰ ਮੋਦੀ ਸਰਕਾਰ ਦੇ 8 ਸਾਲਾਂ ਦੇ ਕਾਰਜਕਾਲ ਦੌਰਾਨ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 170 ਫ਼ੀਸਦ ਦਾ ਵਾਧਾ ਹੋਇਆ ਹੈ। ਅੱਜ 50 ਰੁਪਏ ਦੇ ਵਾਧੇ ਨਾਲ ਰਸੋਈ ਗੈਸ ਸਿਲੰਡਰ ਦੀ ਕੀਮਤ 1050 ਰੁਪਏ ਹੋ ਗਈ ਹੈ।