ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 2 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਪ੍ਰਧਾਨ ਬਣਨ ਮਗਰੋਂ ਰੇਤ ਤੇ ਸ਼ਰਾਬ ਮਾਫ਼ੀਆ ਨੂੰ ਅਨੇਕਾਂ ਮੌਤਾਂ ਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਲਈ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਉਨ੍ਹਾਂ ਦੀ ਪੁਸ਼ਤ ਪਨਾਹੀ ਕਿਉਂ ਕਰ ਰਹੇ ਹਨ। ਉਹ ਅੱਜ ਇੱਥੇ ਇਕ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਜਿੱਥੇ ਆਜ਼ਾਦ ਕੌਂਸਲਰ ਨਿਰਮਲ ਕੌਰ ਢਿੱਲੋਂ ਤੇ ਐਸਓਆਈ ਦੇ ਸਾਬਕਾ ਪ੍ਰਧਾਨ ਸਿਮਰਨਜੀਤ ਸਿੰਘ ਢਿੱਲੋਂ ਨੇ ਦੁਬਾਰਾ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਇਸ ਮੌਕੇ ਅਕਾਲੀ ਵਿਧਾਇਕ ਐਨਕੇ ਸ਼ਰਮਾ, ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ, ਐਸਓਆਈ ਦੇ ਸਰਪ੍ਰਸਤ ਭੀਮ ਵੜੈਚ ਤੇ ਪ੍ਰਧਾਨ ਰੋਬਿਨ ਬਰਾੜ, ਮਹਿਲਾ ਕਮਿਸ਼ਨ ਦੀ ਸਾਬਕਾ ਮੁਖੀ ਤੇ ਐਸਜੀਪੀਸੀ ਮੈਂਬਰ ਪਰਮਜੀਤ ਕੌਰ ਲਾਂਡਰਾਂ ਵੀ ਮੌਜੂਦ ਸਨ।
ਸ੍ਰੀ ਮਜੀਠੀਆ ਨੇ ਕਾਂਗਰਸੀ ਵਿਧਾਇਕਾਂ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਰੇਤ ਮਾਫ਼ੀਆ ਦੀ ਸਰਪ੍ਰਸਤੀ ਕਰਨ ਵਾਲੇ ਹੁਣ ਸਿੱਧੂ ਦੇ ਸਮਰਥਕ ਬਣ ਗਏ ਹਨ। ਕਾਂਗਰਸ ਵੱਲੋਂ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ 590 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਯੋਜਨਾ ਨੂੰ ਸ੍ਰੀ ਮਜੀਠੀਆ ਨੇ ਫੌਕਾ ਦਾਅਵਾ ਕਰਾਰ ਦਿੱਤਾ। ਉਂਜ ਵੀ ਕਾਂਗਰਸ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਡੱਕਾ ਨਹੀਂ ਤੋੜਿਆ। ‘ਆਪ’ ਬਾਰੇ ਸ੍ਰੀ ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਪਹਿਲਾਂ ਹੀ ਪੰਜਾਬ ਦੇ ਸੰਵੇਦਨਸ਼ੀਨ ਮਾਮਲਿਆਂ ’ਤੇ ਦੋਗਲੇ ਮਾਪਦੰਡ ਅਪਣਾ ਕੇ ਬੇਨਕਾਬ ਹੋ ਚੁੱਕਾ ਹੈ। ਇਸ ਮੌਕੇ ਯੂਥ ਆਗੂ ਸਤਿੰਦਰ ਸਿੰਘ ਗਿੱਲ, ਸਿਮਰਨਜੀਤ ਸਿੰਘ ਚੰਦੂਮਾਜਰਾ ਆਦਿ ਵੀ ਮੌਜੂਦ ਸਨ।