ਆਤਿਸ਼ ਗੁਪਤਾ
ਚੰਡੀਗੜ੍ਹ, 29 ਅਕਤੂਬਰ
ਤਿਉਹਾਰਾਂ ਦੇ ਦਿਨਾਂ ਦੇ ਮੱਦੇਨਜ਼ਰ ਸੋਹਣੇ ਸ਼ਹਿਰ ਚੰਡੀਗੜ੍ਹ ਵਿਚ ਦਿਨੋਂ-ਦਿਨ ਟਰੈਫ਼ਿਕ ਸਮੱਸਿਆ ਵਧਦੀ ਜਾ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀਆਂ ਮਾਰਕੀਟਾਂ ਦੀਆਂ ਪਾਰਕਿੰਗਾਂ ਵੀ ਹਰ ਸਮੇਂ ਭਰੀਆਂ ਰਹਿੰਦੀਆਂ ਹਨ। ਉੱਧਰ ਸੜਕਾਂ ਕੰਢੇ ਵਾਹਨ ਖੜ੍ਹੇ ਰਹਿਣ ਕਾਰਨ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਧਰ, ਤਿਓਹਾਰਾਂ ਦੇ ਦਿਨਾਂ ਵਿਚ ਸ਼ਹਿਰ ’ਚ ਵਧਦੀ ਜਾ ਰਹੀ ਟਰੈਫ਼ਿਕ ਦੀ ਸਮੱਸਿਆ ਦੇ ਨਿਪਟਾਰੇ ਲਈ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੂੰ ਪੂਰੀ ਤਰ੍ਹਾਂ ਤਿਆਰੀ ਖਿੱਚ ਲਈ ਹੈ।
ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਟਰੈਫ਼ਿਕ ਪੁਲੀਸ ਨੇ ਤਿਉਹਾਰਾਂ ਮੌਕੇ ਸ਼ਹਿਰ ਵਾਸੀਆਂ ਨੂੰ ਆਵਾਜਾਈ ਸਬੰਧੀ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਚਾਰ ਡੀਐੱਸਪੀਜ਼ ਅਤੇ ਸੱਤ ਇੰਸਪੈਕਟਰਾਂ ਸਣੇ 283 ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਟਰੈਫਿਕ ਡਿਊਟੀ ਲਈ ਤਾਇਨਾਤ ਕੀਤਾ ਹੈ। ਇਹ ਅਧਿਕਾਰੀ ਤੇ ਮੁਲਾਜ਼ਮ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਸ਼ਹਿਰ ਦੀਆਂ ਮਾਰਕੀਟਾਂ ਵਿਚ ਤਾਇਨਾਤ ਹਨ। ਪੁਲੀਸ ਨੇ ਸ਼ਹਿਰ ਦੇ ਸੈਕਟਰ 17, 18, 21, 22, 8, 9, 10, 41, 42, 43, 23, 24, 25 ਤੋਂ ਇਲਾਵਾ ਮਨੀਮਾਜਰਾ, ਬੁੜੈਲ ਅਤੇ ਹੋਰਨਾਂ ਇਲਾਕਿਆਂ ਦੀਆਂ ਮਾਰਕੀਟਾਂ ’ਚ ਟਰੈਫਿਕ ਨੂੰ ਸੁਚਾਰੂ ਬਣਾਉਣ ਲਈ ਆਰਜ਼ੀ ਪ੍ਰਬੰਧ ਕਰ ਲਏ ਹਨ। ਇਸ ਤੋਂ ਇਲਾਵਾ ਸ਼ਹਿਰ ਦੇ ਸਕੂਲਾਂ, ਕਾਲਜਾਂ ਅਤੇ ਮਾਰਕੀਟਾਂ ਸਣੇ ਤਿੰਨ ਦਰਜਨ ਦੇ ਕਰੀਬ ਥਾਵਾਂ ’ਤੇ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ।
ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸੈਕਟਰ 8, 15, 22, 18, 19, 20, 29, 30, 32, 34, 44, 46, 47, 35, 37, 38, 40, 41 ਅਤੇ ਮਨੀਮਾਜਰਾ ਦੇ ਸਕੂਲਾਂ ਵਿਚ ਵਾਹਨ ਪਾਰਕ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਸੈਕਟਰ 15, 20, 32, 34, 44, 46, 35, 37, 38, 40, 41 ਅਤੇ ਮਨੀਮਾਜਰਾ ਦੇ ਕਮਿਊਨਿਟੀ ਸੈਂਟਰਾਂ ਵਿੱਚ ਵੀ ਵਾਹਨ ਪਾਰਕ ਕਰਨ ਲਈ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਦੀਵਾਲੀ ਮੌਕੇ ਸੜਕ ਵਿਚਾਲੇ ਵਾਹਨ ਖੜ੍ਹੇ ਕਰਨ ਵਾਲੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਪੰਚਕੂਲਾ ਟਰੈਫਿਕ ਪੁਲੀਸ ਨੇ ਵੀ ਜਾਰੀ ਕੀਤੀ ਐਡਵਾਈਜ਼ਰੀ
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਪੁਲੀਸ ਮੋਹਿਤ ਹਾਂਡਾ ਦੀਆਂ ਹਦਾਇਤਾਂ ਅਨੁਸਾਰ ਪੰਚਕੂਲਾ ਜ਼ਿਲ੍ਹੇ ਵਿੱਚ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਟਰੈਫਿਕ ਇੰਸਪੈਕਟਰ ਬਿਜੇਂਦਰ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪੋ-ਆਪਣੇ ਵਾਹਨ ਸਹੀ ਜਗ੍ਹਾ ’ਤੇ ਪਾਰਕ ਕਰਨ ਤਾਂ ਜੋ ਹੋਰਨਾਂ ਲੋਕਾਂ ਨੂੰ ਕੋਈ ਅਸੁਵਿਧਾ ਨਾ ਹੋਵੇ। ਉਨ੍ਹਾਂ ਸ਼ਹਿਰ ਵਿਚ ਸੜਕ ਕੰਢੇ ਨੋ-ਪਾਰਕਿੰਗ ਖੇਤਰ ਵਿੱਚ ਵਾਹਨ ਖੜ੍ਹਾ ਨਾ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬਾਜ਼ਾਰਾਂ ਵਿੱਚ ਜਾਣ ਸਮੇਂ ਛੋਟੇ ਵਾਹਨਾਂ ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨ ਦੇ ਬਾਹਰ, ਸੜਕ ਜਾਂ ਵਾਹਨਾਂ ਦੀ ਪਾਰਕਿੰਗ ਵਿੱਚ ਸਾਮਾਨ ਨਾ ਰੱਖਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਦੋ ਪਹੀਆ ਵਾਹਨਾਂ ’ਤੇ ਹੈਲਮਟ ਅਤੇ ਚਾਰ ਪਹੀਆ ਵਾਹਨਾਂ ’ਤੇ ਸੀਟ ਬੈਲਟ ਦੀ ਵਰਤੋਂ ਕਰਨ ਅਤੇ ਵਾਹਨਾਂ ਦੀ ਰਫ਼ਤਾਰ ਰੱਖਣ ਦੀ ਅਪੀਲ ਵੀ ਲੋਕਾਂ ਨੂੰ ਕੀਤੀ ਹੈ।