ਸ਼ਸ਼ੀ ਪਾਲ ਜੈਨ
ਖਰੜ, 24 ਜੁਲਾਈ
ਖਰੜ ਵਿੱਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਸਬੰਧੀ ਕਾਂਗਰਸ ਅਤੇ ਅਕਾਲੀ ਦਲ ਆਪੋ-ਆਪਣਾ ਕਰੈਡਿਟ ਲੈਣ ਵਿੱਚ ਲੱਗੀਆਂ ਹੋਈਆਂ ਹਨ। ਦੂਜੇ ਪਾਸੇ ਸ਼ਹਿਰ ਨਿਵਾਸੀ ਇਸ ਗੱਲ ਨੂੰ ਲੈ ਕੇ ਦੁਚਿੱਤੀ ਵਿੱਚ ਹਨ ਕਿ ਧੜਾਧੜ ਰੱਖੇ ਜਾ ਰਹੇ ਨੀਂਹ ਪੱਥਰ ਕਾਗਜ਼ਾਂ ਤੱਕ ਹੀ ਸੀਮਤ ਹੋਣਗੇ ਜਾਂ ਇਨ੍ਹਾਂ ਨੂੰ ਪੂਰਾ ਵੀ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੱਲ੍ਹ ਤੋਂ ਧੜਾਧੜ ਰੱਖੇ ਜਾ ਰਹੇ ਨੀਂਹ ਪੱਥਰਾਂ ਵਿੱਚ ਕੱਲ੍ਹ ਨਗਰ ਕੌਂਸਲ ਪ੍ਰਧਾਨ ਜੋ ਕਿ ਅਕਾਲੀ ਦਲ ਨਾਲ ਸਬੰਧਤ ਹਨ, ਵੱਲੋਂ ਕਈ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਗਿਆ ਜਦਕਿ ਇਨ੍ਹਾਂ ਦਾ ਉਦਘਾਟਨ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਕੀਤਾ ਜਾਣਾ ਸੀ ਜਿਨ੍ਹਾਂ ਵੱਲੋਂ ਅੱਜ 25 ਜੁਲਾਈ ਨੂੰ ਵੀ ਸ਼ਹਿਰ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਨੀਂਹ ਪੱਥਰ ਰੱਖੇ ਜਾਣੇ ਸਨ। ਅੱਜ ਵੀ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸਿਵਲ ਹਸਪਤਾਲ ਰੋਡ ਨੂੰ ਚੌੜਾ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਹੀ ਸਵੇਰੇ ਨਗਰ ਕੌਂਸਲ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਲੌਂਗੀਆ ਵੱਲੋਂ ਰਬਿਨ ਕੱਟ ਕੇ ਉਦਘਾਟਨ ਕਰ ਦਿੱਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਬੀਬੀ ਲੌਂਗੀਆ ਨੇ ਆਖਿਆ ਕਿ ਇਹ ਸੜਕ ਆਵਾਜਾਈ ਲਈ ਤੰਗ ਹੋ ਚੁੱਕੀ ਹੈ ਤੇ ਇਸ ਨੂੰ ਚੌੜਾ ਕਰਨ ’ਤੇ ਕਰੀਬ 7.50 ਕਰੋੜ ਰੁਪਏ ਖਰਚ ਆਉਣਗੇ। ਇਸ ਮੌਕੇ ਕੌਂਸਲ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਗੁਰਦੀਪ ਕੌਰ, ਜੁਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਜੌਨੀ, ਸੀਨੀਅਰ ਕੌਂਸਲਰ ਮਾਨ ਸਿੰਘ ਹਾਜ਼ਰ ਸਨ।
ਬ੍ਰਹਮ ਮਹਿੰਦਰਾ ਨੇ ਚਾਰ ਵੱਡੇ ਪ੍ਰਾਜੈਕਟ ਸ਼ੁਰੂ ਕਰਵਾਏ
ਅੱਜ ਸਥਾਨਕ ਸਰਕਾਰਾਂ ਦੇ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਸ਼ਹਿਰ ਵਿੱਚ ਵੱਖ ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ। ਦੁਪਹਿਰ ਬਾਅਦ 4 ਵਜੇ ਦੇ ਕਰੀਬ ਬ੍ਰਹਮ ਮਹਿੰਦਰਾ ਪਿੰਡ ਸੰਤੇਮਾਜਰਾ ਵਿੱਚ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਰਨ ਪੁੱਜੇ। ਇਸ ਮੌਕੇ ਐਮਪੀ ਮਨੀਸ਼ ਤਿਵਾੜੀ, ਸਾਬਕਾ ਕੈਬਿਨਟ ਮੰਤਰੀ ਜਗਮੋਹਣ ਸਿੰਘ ਕੰਗ, ਯਾਦਵਿੰਦਰ ਸਿੰਘ ਕੰਗ ਤੇ ਕੌਂਸਲਰ ਕਰਮਜੀਤ ਕੌਰ ਵੀ ਮੌਜੂਦ ਸਨਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਵੱਲੋਂ ਬਰਸਾਤੀ ਚੋਈ ਨੂੰ ਪੱਕਾ ਕਰਨ, ਪਿੰਡ ਝੁੰਗੀਆਂ ਵਿੱਚ ਕਮਿਊਨਿਟੀ ਸੈਂਟਰ ਤੇ ਹਸਪਤਾਲ ਰੋਡ ਚੌੜਾ ਕਰਨ ਦੇ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮਗਰੋਂ ਸ੍ਰੀ ਬ੍ਰਹਮ ਮਹਿੰਦਰਾ ਨੇ ਸੰਨੀ ਐਨਕਲੇਵ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਿਤ ਕੀਤਾ।