ਪੱਤਰ ਪ੍ਰੇਰਕ
ਐੱਸ.ਏ.ਐੱਸ. ਨਗਰ (ਮੁਹਾਲੀ), 19 ਮਈ
ਜ਼ਿਲ੍ਹੇ ਵਿੱਚ ਜਿਵੇਂ ਜਿਵੇਂ ਕਰੋਨਾ ਮਹਾਮਾਰੀ ਦੇ ਮਾਮਲੇ ਅਤੇ ਮੌਤਾਂ ਦੀ ਦਰ ’ਚ ਵਾਧਾ ਹੋ ਰਿਹਾ ਹੈ, ਓਵੇਂ ਓਵੇਂ ਸਮਾਜ ਸੇਵੀ ਸੰਸਥਾਵਾਂ ਲੋੜਵੰਦਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ। ਸਰਵ ਹਿਊਮਨਿਟੀ ਸਰਵਗਾਡ ਚੈਰੀਟੇਬਲ ਟਰੱਸਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਇੱਥੋਂ ਦੇ ਸੈਕਟਰ-69 ਸਥਿਤ ਕਮਿਊਨਿਟੀ ਸੈਂਟਰ ਵਿੱਚ ਮੁਫ਼ਤ ਕੋਵਿਡ ਕੇਅਰ ਸੈਂਟਰ ਸਥਾਪਤ ਕੀਤਾ ਗਿਆ ਹੈ। ਟਰੱਸਟ ਦੇ ਮੁਖੀ ਸਵਰਨਜੀਤ ਸਿੰਘ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਦਰਜਨ ਕਰੋਨਾ ਪੀੜਤ ਵਿਅਕਤੀਆਂ ਨੂੰ ਦੇਖਭਾਲ ਲਈ ਦਾਖਲ ਕੀਤਾ ਗਿਆ। ਗੁਰਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਇਸ ਕੋਵਿਡ ਕੇਅਰ ਸੈਂਟਰ ਵਿੱਚ 50 ਬੈੱਡਾਂ ਦੀ ਵਿਵਸਥਾ ਹੈ ਪਰ ਫਿਲਹਾਲ 20 ਬੈੱਡ ਲਗਾਏ ਗਏ ਹਨ। ਮਰੀਜ਼ਾਂ ਨੂੰ ਤਿੰਨ ਟਾਈਮ ਮੁਫ਼ਤ ਖਾਣਾ ਵੀ ਦਿੱਤਾ ਜਾਵੇਗਾ। ਉਧਰ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ-69 ਦੇ ਪ੍ਰਧਾਨ ਭੁਪਿੰਦਰ ਸਿੰਘ ਬੱਲ ਅਤੇ ਅਨਿਲ ਕੁਮਾਰ ਨੇ ਮੰਗ ਕੀਤੀ ਕਿ ਕੋਵਿਡ ਕੇਅਰ ਸੈਂਟਰ ਘਰਾਂ ਤੋਂ ਦੂਰ ਬਣਾਇਆ ਜਾਣਾ ਚਾਹੀਦਾ ਹੈ ਕਿਉਂਕਿ ਇੱਥੇ ਭਰਤੀ ਮਰੀਜ਼ਾਂ ਤੋਂ ਵਾਇਰਸ ਲੋਕਾਂ ਦੇ ਘਰ ਤੱਕ ਮਾਰ ਕਰ ਸਕਦਾ ਹੈ।