ਕਰਮਜੀਤ ਸਿੰਘ ਚਿੱਲਾ
ਐੱਸਏਐੱਸ ਨਗਰ(ਮੁਹਾਲੀ), 27 ਜੂਨ
ਮੁਹਾਲੀ ਦੇ ਫੇਜ਼ ਇੱਕ ਵਿੱਚ ਬੀਤੀ ਰਾਤ ਯੂਨੀਵਰਸਲ ਆਰਟ ਐਂਡ ਕਲਚਰ ਵੈਲਫ਼ੇਅਰ ਸੁਸਾਇਟੀ ਵੱਲੋਂ ਫੋਕਲੋਰ ਫ੍ਰੇਟਰਨਿਟੀ ਫੈਡਰੇਸ਼ਨ ਪੰਜਾਬ ਦੇ ਸਹਿਯੋਗ ਨਾਲ ਕਰਾਏ ਗਏ 26ਵੇਂ ਵਿਰਾਸਤੀ ਅਖਾੜੇ ਵਿੱਚ ਨੰਨਿਆਂ-ਮੁੰਨ੍ਹਿਆਂ ਨੇ ਰੰਗ ਬੰਨ੍ਹਿਿਆ। ਗਤਕਾ, ਸੂਫ਼ੀ ਗਾਇਕੀ, ਨਾਟਕ, ਜਿੰਦੂਆ ਅਤੇ ਹੋਰ ਸਮੁੱਚੀਆਂ ਸੱਭਿਆਚਾਰਕ ਅਦਾਕਾਰੀਆਂ ਸੁਸਾਇਟੀ ਵੱਲੋਂ ਲਗਾਏ ਗਏ ਵੀਹ ਦਿਨਾ ਸਮਰ ਕੈਂਪ ਵਿੱਚ ਸ਼ਾਮਲ ਬੱਚਿਆਂ ਵੱਲੋਂ ਕੀਤੀਆਂ ਗਈਆਂ। ਇਸ ਮੌਕੇ ਚੰਡੀਗੜ੍ਹ ਸੰਗੀਤ ਨਾਟਕ ਅਕੈਡਮੀ ਦੇ ਉਪ ਚੇਅਰਮੈਨ ਬਲਕਾਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗਾਇਕ ਗੁਰਕ੍ਰਿਪਾਲ ਸੂਰਾਪੁਰੀ ਅਤੇ ਫੈਡਰੇਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ। ਪ੍ਰੋਗਰਾਮ ਦਾ ਮੰਚ ਸੰਚਾਲਨ ਗੁਰਸਿਮਰਨ ਸਿੰਘ ਤੇ ਸਵਪਨ ਵਲੋਂ ਕੀਤਾ ਗਿਆ। ਅਖਾੜੇ ਦਾ ਆਰੰਭ ਬੀਬੀ ਸਰਬਜੀਤ ਕੌਰ ਵਲੋਂ ਤਿਆਰ ਕੀਤੇ ਛੋਟੇ ਬੱਚਿਆਂ ਵਲੋਂ ਸ਼ਬਦ ਗਾਇਨ ਤੋਂ ਹੋਈ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਮੁਹਾਲੀ ਵੱਲੋਂ ਜਥੇਦਾਰ ਗੁਰਪ੍ਰੀਤ ਸਿੰਘ ਖਾਲਸਾ ਦੀ ਸਰਪ੍ਰਸਤੀ ਹੇਠ ਜਗਜੀਤ ਸਿੰਘ ਵਲੋਂ ਤਿਆਰ ਕੀਤੀਆਂ ਬੱਚਿਆਂ ਵਲੋਂ ਵਿਰਾਸਤੀ ਤੇ ਜੁਝਾਰੂ ਖੇਡ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਗੋਪਾਲ ਸ਼ਰਮਾ ਵੱਲੋਂ ਤਿਆਰ ਕੀਤੇ ਗਏ ਦੋ ਨਾਟਕ ਪੇਸ਼ ਕੀਤੇ ਗਏ। ਗਗਨਦੀਪ ਗੱਗੀ ਨੇ ਜਿੰਦੂਆ ਤੇ ਭੰਗੜਾ ਪੇਸ਼ ਕੀਤਾ। ਅਖਾੜੇ ਵਿੱਚ ਵਿਰਸੇ, ਸਭਿਆਚਾਰ ਤੇ ਰੰਗਮੰਚ ਨੂੰ ਸਮਰਪਿਤ ਦੋ ਸ਼ਖਸ਼ੀਅਤਾਂ ਡਾ. ਕੁਲਬੀਰ ਕੌਰ ਵਿਰਕ ਅਤੇ ਸਵਰਨ ਸਿੰਘ ਚੰਨੀ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ, ਕਰਮਜੀਤ ਸਿੰਘ ਬੱਗਾ, ਸੰਨੀ ਸੰਧੂ, ਸ਼ਰਨਜੀਤ ਸਿੰਘ, ਅਕਸ, ਅਨੁਰੀਤ ਪਾਲ, ਹਰਕੀਰਤ ਪਾਲ, ਹਰਦੀਪ, ਜਸਦੀਪ ਹਾਜ਼ਰ ਸਨ।