ਆਤਿਸ਼ ਗੁਪਤਾ
ਚੰਡੀਗੜ੍ਹ, 28 ਮਈ
ਸਿਟੀ ਬਿਊਟੀਫੁੱਲ ਵਿੱਚ ਸ਼ਨਿੱਚਰਵਾਰ ਸ਼ਾਮ ਵੇਲੇ ਤੇਜ਼ ਹਵਾਵਾਂ ਚੱਲੀਆਂ ਅਤੇ ਇਸ ਮਗਰੋਂ ਪਈਆਂ ਮੀਂਹ ਦੀਆਂ ਕਣੀਆਂ ਨੇ ਮੌਸਮ ਨੂੰ ਖੁਸ਼ਗਵਾਰ ਬਣਾ ਦਿੱਤਾ। ਇਸੇ ਦੌਰਾਨ ਲੋਕਾਂ ਨੇ ਲੂ ਤੇ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਨੇ ਪੱਛਮੀ ਵਿਗਾੜ ਦੇ ਚਲਦਿਆਂ 29 ਅਤੇ 30 ਮਈ ਨੂੰ ਵੀ ਬੱਦਲਵਾਈ ਰਹਿਣ ਤੇ ਕਈ ਥਾਵਾਂ ’ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਅਨੁਸਾਰ ਜੂਨ ਮਹੀਨੇ ਵਿੱਚ ਮੁੜ ਗਰਮੀ ਵਧੇਗੀ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 38.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਘੱਟ ਤੋਂ ਘੱਟ ਤਾਪਮਾਨ 28.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 4 ਡਿਗਰੀ ਸੈਲਸੀਅਸ ਵਧ ਸੀ। ਸ਼ਾਮ ਵੇਲੇ ਮੌਸਮ ਵਿੱਚ ਅਚਾਨਕ ਤਬਦੀਲੀ ਆਉਣ ’ਤੇ ਟਰਾਈਸਿਟੀ ਵਾਸੀ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ ਮਾਰਚ ਮਹੀਨੇ ਤੋਂ ਲੈ ਕੇ ਹੁਣ ਤੱਕ 27.9 ਐੱਮਐੱਮ ਮੀਂਹ ਪਿਆ ਹੈ ਜੋ ਕਿ ਆਮ ਨਾਲੋਂ 64.4 ਫ਼ੀਸਦ ਘੱਟ ਹੈ। ਪ੍ਰੀ-ਮੌਨਸੂਨ ਤੇ ਮੌਨਸੂਨ ਸੀਜ਼ਨ ਦੌਰਾਨ ਮੀਂਹ ਦੀ ਘਾਟ ਪੂਰੀ ਹੋ ਸਕਦੀ ਹੈ।
ਭਲਕੇ ਜਲ ਸਪਲਾਈ ਰਹੇਗੀ ਪ੍ਰਭਾਵਿਤ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਕਜੌਲੀ ਵਾਟਰ ਵਰਕਸ ਦੇ ਫੇਜ਼-1 ਅਤੇ 2 ਵਿੱਚ ਜਲ ਸਲਪਾਈ ਅਤੇ ਸੈਨੀਟੇਸ਼ਨ ਵਿੰਗ ਮੁਹਾਲੀ ਦੀ ਸਬ-ਡਿਵੀਜ਼ਨ ਨੰਬਰ 5 ਵੱਲੋਂ ਕੀਤੀ ਜਾਣ ਵਾਲੇ ਜ਼ਰੂਰੀ ਮੁਰੰਮਤ ਕਾਰਜਾਂ ਕਰਕੇ ਚੰਡੀਗੜ੍ਹ ਸ਼ਹਿਰ ਨੂੰ ਕਜੌਲੀ ਵਾਟਰ ਵਰਕਸ ਤੋਂ ਹੋਣ ਵਾਲੀ ਪਾਣੀ ਦੀ ਸਪਲਾਈ ਵਿੱਚ ਵਿਘਨ ਪਏਗਾ। ਚੰਡੀਗੜ੍ਹ ਨਗਰ ਨਿਗਮ ਦੇ ਜਨ ਸਿਹਤ ਵਿਭਾਗ ਤੋਂ ਮਿਲੀ ਸੂਚਨਾ ਅਨੁਸਾਰ ਇਨ੍ਹਾਂ ਮੁਰੰਮਤ ਕਾਰਜਾਂ ਕਰਕੇ 30 ਮਈ ਨੂੰ ਚੰਡੀਗੜ੍ਹ ਸ਼ਹਿਰ ਵਿੱਚ ਸ਼ਾਮ ਵੇਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਨਿਗਮ ਅਨੁਸਾਰ 30 ਮਈ ਨੂੰ ਸਵੇਰੇ ਪਾਣੀ ਦੀ ਸਪਲਾਈ ਆਮ ਦਿਨਾਂ ਵਾਂਗ ਰਹੇਗੀ ਅਤੇ ਸ਼ਾਮ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ’ਤੇ ਆਏਗੀ।