ਪੱਤਰ ਪ੍ਰੇਰਕ
ਚੰਡੀਗੜ੍ਹ, 27 ਜੂਨ
ਨਗਰ ਨਿਗਮ ਵੱਲੋਂ ਸਫ਼ਾਈ ਕਰਮਚਾਰੀਆਂ ਨੂੰ ਮੁੜ ਜੀਪੀਐੱਸ ਘੜੀਆਂ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿਚ ਅੱਜ ਸਫ਼ਾਈ ਕਰਮਚਾਰੀ ਯੂਨੀਅਨ (ਰਜਿ. 63) ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਨੇ ਕਿਹਾ ਕਿ ਇਹ ਘੜੀਆਂ ਸਫ਼ਾਈ ਕਰਮਚਾਰੀਆਂ ਨੂੰ ਬੰਧੂਆ ਮਜ਼ਦੂਰ ਬਣਾ ਦੇਣਗੀਆਂ ਕਿਊਂਕਿ ਨਿਗਮ ਅਧਿਕਾਰੀਆਂ ਦੀ ਹਰ ਵੇਲੇ ਸਫਾਈ ਕਰਮਚਾਰੀਆਂ ਦੀ ਅੱਖ ਰਹੇਗੀ। ਯੂਨੀਅਨ ਪ੍ਰਧਾਨ ਕ੍ਰਿਸ਼ਨ ਕੁਮਾਰ ਚੱਢਾ ਅਤੇ ਜਨਰਲ ਸਕੱਤਰ ਓਮਪਾਲ ਸਿੰਘ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੇ ਦੌਰ ਵਿੱਚ ਜਿੱਥੇ ਪੈਰਾ-ਮੈਡੀਕਲ ਸਟਾਫ਼, ਡਾਕਟਰ, ਪੁਲੀਸ ਅਤੇ ਹੋਰ ਕਈ ਵਿਭਾਗਾਂ ਦੇ ਕਰਮਚਾਰੀ ਵਾਇਰਸ ਖਿਲਾਫ਼ ਜੰਗ ਲੜ ਰਹੇ ਹਨ, ਉਥੇ ਹੀ ਸਫ਼ਾਈ ਕਰਮਚਾਰੀ ਵੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਕੰਮ ਕਰ ਰਹੇ ਹਨ। ਪਿਛਲੇ ਦਿਨਾਂ ਵਿੱਚ ਲੋਕਾਂ ਵੱਲੋਂ ਸਫ਼ਾਈ ਕਰਮਚਾਰੀਆਂ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ ਸੀ ਪਰ ਨਗਰ ਨਿਗਮ ਇਨ੍ਹਾਂ ਸਫ਼ਾਈ ਕਰਮਚਾਰੀਆਂ ਨੂੰ ਕੋਈ ਸਪੈਸ਼ਲ ਤਨਖਾਹ ਜਾਂ ਇੰਕਰੀਮੈਂਟ ਦੇਣ ਦੀ ਬਜਾਇ ਉਨ੍ਹਾਂ ਨੂੰ ਮੁੜ ਸਮਾਰਟ ਘੜੀਆਂ ਦੇ ਕੇ ਬੰਧੂਆ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਨ੍ਹਾਂ ਨੇ ਨਿਗਮ ਦੇ ਅਫ਼ਸਰਾਂ ਨੂੰ ਚੇਤੇ ਕਰਵਾਇਆ ਕਿ ਏਅਰ-ਕੰਡੀਸ਼ਨਡ ਕਮਰਿਆਂ ਵਿੱਚ ਬੈਠ ਕੇ ਕੰਮ ਕਰਨ ਅਤੇ ਧੁੱਪ ਵਿੱਚ ਘੁੰਮ ਕੇ ਸ਼ਹਿਰ ਦੀ ਸਫ਼ਾਈ ਕਰਨ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੁੰਦਾ ਹੈ। ਇਸ ਲਈ ਸਫ਼ਾਈ ਕਰਮਚਾਰੀਆਂ ਨਾਲ ਹਮਦਰਦੀ ਭਰਿਆ ਵਤੀਰਾ ਅਪਣਾਇਆ ਜਾਵੇ।
ਉਨ੍ਹਾਂ ਨਿਗਮ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਿਗਮ ਨੇ ਸਫ਼ਾਈ ਕਰਮਚਾਰੀਆਂ ਨੂੰ ਸਮਾਰਟ ਘੜੀਆਂ ਦੇਣ ਦਾ ਫ਼ੈਸਲਾ ਵਾਪਸ ਨਾ ਲਿਆ ਤਾਂ ਨਗਰ ਨਿਗਮ ਦਫ਼ਤਰ ਦੇ ਬਾਹਰ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ।