ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 26 ਜੁਲਾਈ
ਮੁੱਖ ਅੰਸ਼
- 43 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਲਦੀ ਸ਼ੁਰੂ ਹੋਵੇਗੀ ਦਾਖਲਾ ਪ੍ਰਕਿਰਿਆ
- ਭਲਕੇ ਜਾਰੀ ਹੋਵੇਗਾ ਪ੍ਰਾਸਪੈਕਟਸ
ਸੀਬੀਐੱਸਈ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਇਥੋਂ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿਚ ਦਾਖਲਿਆਂ ਦਾ ਦੌਰ ਜਲਦੀ ਸ਼ੁਰੂ ਹੋ ਜਾਵੇਗਾ। ਇਹ ਸੰਭਾਵਨਾ ਹੈ ਕਿ 28 ਜੁਲਾਈ ਨੂੰ ਪ੍ਰਾਸਪੈਕਟਸ ਵੈਬਸਾਈਟ ’ਤੇ ਅਪਲੋਡ ਕਰ ਦਿੱਤਾ ਜਾਵੇਗਾ। ਇਹ ਦਾਖਲੇ ਆਰਟਸ, ਵਿਗਿਆਨ, ਕਾਮਰਸ ਤੇ ਸਕਿੱਲ ਕੋਰਸਾਂ ਲਈ 43 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੀਤੇ ਜਾਣਗੇ।
ਜਾਣਕਾਰੀ ਅਨੁਸਾਰ ਇਸ ਵਾਰ ਚਾਰ ਸਟਰੀਮਾਂ ਵਿੱਚ 13,000 ਦੇ ਕਰੀਬ ਸੀਟਾਂ ਲਈ ਦਾਖਲੇ ਹੋਣਗੇ। ਵਿਦਿਆਰਥੀਆਂ ਨੂੰ ਆਪਣੇ ਦਸਤਾਵੇਜ਼ ਦੀਆਂ ਸਕੈਨਡ ਕਾਪੀਆਂ ਪ੍ਰਾਸਪੈਕਟਸ ਵਿੱਚ ਦੱਸੀ ਵੈਬਸਾਈਟ ’ਤੇ ਜਾ ਕੇ ਅਪਲੋਡ ਕਰਨੀਆਂ ਪੈਣਗੀਆਂ। ਸਾਰੀਆਂ ਸਟਰੀਮਾਂ ਲਈ ਇਕ ਹੀ ਰਜਿਸਟਰੇਸ਼ਨ ਫਾਰਮ ਭਰਨਾ ਹੋਵੇਗਾ ਜਿਸ ਦੀ ਫੀਸ 150 ਰੁਪਏ ਹੋਵੇਗੀ। ਜ਼ਿਕਰਯੋਗ ਹੈ ਕਿ ਦਸਵੀਂ ਜਮਾਤ ਦੀ ਪ੍ਰੀਖਿਆ 17168 ਵਿਦਿਆਰਥੀਆਂ ਨੇ ਦਿੱਤੀ ਸੀ ਜਿਸ ਵਿਚੋਂ ਸਰਕਾਰੀ ਸਕੂਲਾਂ ਦੇ 9809 ਵਿਦਿਆਰਥੀ ਤੇ ਨਿੱਜੀ ਸਕੂਲਾਂ ਦੇ 7377 ਵਿਦਿਆਰਥੀ ਪਾਸ ਹੋਏ ਸਨ। ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਰਜਿਸਟਰੇਸ਼ਨ ਤੋਂ ਬਾਅਦ ਉਨ੍ਹਾਂ ਨੂੰ ਪਾਸਵਰਡ ਦਿੱਤਾ ਜਾਵੇਗਾ ਜਿਸ ਨਾਲ ਉਹ ਆਨਲਾਈਨ ਅਪਲਾਈ ਕਰ ਸਕਣਗੇ। ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਸਭ ਤੋਂ ਪਸੰਦੀਦਾ ਸਕੂਲ ਸੈਕਟਰ 16, 18, 19, 35, 37 ਤੇ ਮਨੀਮਾਜਰਾ ਕੰਪਲੈਕਸ ਦੇ ਮਾਡਲ ਸਕੂਲ ਰਹੇ ਹਨ। ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿੱਚ ਦਾਖਲਾ ਫੀਸਾਂ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਇਸ ਕਰਕੇ ਮੱਧ ਵਰਗ ਦੇ ਮਾਪੇ ਚੰਡੀਗੜ੍ਹ ਦੇ ਮਾਡਲ ਸਕੂਲਾਂ ਨੂੰ ਤਰਜੀਹ ਦਿੰਦੇ ਹਨ।
ਵੀਹ ਸਕੂਲਾਂ ਵਿਚ ਹੈਲਪ ਡੈਸਕ ਬਣਾਉਣ ਦੀ ਯੋਜਨਾ
ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਇਸ ਵਾਰ 20 ਸਰਕਾਰੀ ਸਕੂਲਾਂ ਵਿੱਚ ਹੈਲਪ ਡੈਸਕ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਇਹ ਡੈਸਕ ਸਵੇਰੇ 9 ਤੋਂ 1 ਵਜੇ ਤਕ ਵਿਦਿਆਰਥੀਆਂ ਦੀ ਫਾਰਮ ਭਰਨ ਵਿਚ ਮਦਦ ਕਰਨਗੇ ਪਰ ਇਸ ਲਈ ਵਿਦਿਆਰਥੀਆਂ ਨੂੰ ਸਕੂਲ ਦੇ ਲੈਂਡਲਾਈਨ ਨੰਬਰ ’ਤੇ ਸਮਾਂ ਲੈਣਾ ਪਵੇਗਾ ਤੇ ਸਕੂਲ ਅਧਿਆਪਕਾਂ ਵੱਲੋਂ ਦੱਸੇ ਸਮੇਂ ’ਤੇ ਸਕੂਲ ਜਾਣਾ ਪਵੇਗਾ। ਇਹ ਹੈਲਪ ਡੈਸਕ ਸੈਕਟਰ-20 ਬੀ, 21, 24, 26, 27, 33, 38-ਬੀ,40, 41-ਏ, 42, 44, 45, 47, 53, ਮਨੀਮਾਜਰਾ ਟਾਊਨ, ਧਨਾਸ, ਆਰਸੀ-2, ਮਨੀਮਾਜਰਾ, ਕਰਸਾਨ, ਮਨੀਮਾਜਰਾ ਪੀਕੇ-1 ਦੇ ਸਰਕਾਰੀ ਸਕੂਲਾਂ ਵਿਚ ਸਥਾਪਤ ਕੀਤੇ ਜਾਣਗੇ।