ਪੀਪੀ ਵਰਮਾ
ਪੰਚਕੂਲਾ, 12 ਸਤੰਬਰ
ਸਾਂਝਾ ਕਿਸਾਨ ਮੋਰਚਾ ਹਰਿਆਣਾ ਦੇ ਸੱਦੇ ’ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਵੱਲ ਮਾਰਚ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਵੱਡੀ ਗਿਣਤੀ ਕਿਸਾਨ ਨਾਢਾ ਸਾਹਿਬ ਵਿਖੇ ਇੱਕਠੇ ਹੋਏ ਤੇ ਇੱਥੋਂ ਉਨ੍ਹਾਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਦਾ ਘਿਰਾਓ ਕਰਨ ਲਈ ਮਾਰਚ ਸ਼ੁਰੂ ਕੀਤਾ। ਇਸ ਦੌਰਾਨ ਕਿਸਾਨਾਂ ਪੰਚਕੂਲਾ ਪੁਲੀਸ ਵੱਲੋਂ ਲਗਾਏ ਗਏ ਬੈਰੀਕੇਡ ਤੋੜ ਕੇ ਹਾਊਸਿੰਗ ਬੋਰਡ ਪੰਚਕੂਲਾ-ਚੰਡੀਗੜ੍ਹ ਬਾਰਡਰ ’ਤੇ ਪਹੁੰਚ ਗਏ, ਜਿੱਥੇ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਦੌਰਾਨ ਕਿਸਾਨਾਂ ਤੇ ਪੁਲੀਸ ਵਿਚਾਲੇ ਧੱਕਾ-ਮੁੱਕੀ ਵੀ ਹੋਈ। ਇੱਥੇ ਲਗਪਗ ਤਿੰਨ ਘੰਟੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਕਿਸਾਨਾਂ ਦੀ ਮੰਗ ਸੀ ਕਿ ਉਹ ਮੁੱਖ ਮੰਤਰੀ ਨੂੰ ਹੀ ਮੰਗ ਪੱਤਰ ਸੌਂਪਣਗੇ।
ਲੰਬਾ ਸਮਾਂ ਇੱਥੇ ਧਰਨੇ ’ਤੇ ਡਟੇ ਹੋਏ ਕਿਸਾਨਾਂ ਨਾਲ ਪੰਚਕੂਲਾ ਦੇ ਡੀਸੀ ਮਹਾਂਵੀਰ ਕੌਸ਼ਿਕ ਨੇ ਗੱਲਬਾਤ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਛੇਤੀ ਹੀ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ ਹੈ। ਧਰਨੇ ਵਿੱਚ ਮੌਜੂਦ ਕਿਸਾਨ ਆਗੂ ਕਰਮ ਸਿੰਘ, ਮਨਪ੍ਰੀਤ ਸਿੰਘ, ਦਲਵੀਰ ਸਿੰਘ ਤੇ ਮਨਜੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਤੋਂ ਮੰਗ ਹੈ ਕਿ ਲੰਪੀ ਸਕਿਨ ਨਾਲ ਮਰਨ ਵਾਲੇ ਪਸ਼ੂਆਂ ਲਈ ਮੁਆਵਜ਼ਾ ਦਿੱਤਾ ਜਾਵੇ, ਹਿੱਸਾ ਪੱਟੀ ’ਚ ਆਉਂਦੀਆਂ ਜ਼ਮੀਨਾਂ ਕਿਸਾਨਾਂ ਤੋਂ ਖੋਹੀਆਂ ਨਾ ਜਾਣ ਤੇ ਮੰਡੀਆਂ ਵਿੱਚ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਇਹ ਵੀ ਮੰਗ ਰੱਖੀ ਗਈ ਕਿ ਝੋਨੇ ਦੀ ਫ਼ਸਲ ਨੁਕਸਾਨੇ ਜਾਣ ਕਾਰਨ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਹੜ੍ਹਾਂ ਕਾਰਨ ਨੁਕਸਾਨੀਆਂ ਫ਼ਸਲਾਂ ਦੀ ਗਰਦਾਵਰੀ ਕਰਵਾ ਕੇ ਮੁਆਵਜ਼ਾ ਜਾਰੀ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਪੰਚਕੂਲਾ ਪੁਲੀਸ ਨੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਦੇ ਮੱਦੇਨਜ਼ਰ ਅੱਧੀ ਦਰਜਨ ਤੋਂ ਵੱਧ ਸਹਾਇਕ ਪੁਲੀਸ ਕਮਿਸ਼ਨਰਾਂ ਦੀ ਨਿਗਰਾਨੀ ਹੇਠ 1200 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹੋਏ ਸਨ।