ਸਰਬਜੀਤ ਸਿੰਘ ਭੱਟੀ
ਲਾਲੜੂ, 15 ਜੂਨ
ਬਾਰਸਾਂ ਦਾ ਮੌਸਮ ਸਿਰ ’ਤੇ ਹੈ ਪਰ ਸ਼ਹਿਰ ਵਿੱਚ ਬਰਸਾਤੀ ਤੇ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਦੀ ਹਾਲਤ ਖਸਤਾ ਹੋਣ ਅਤੇ ਸਫ਼ਾਈ ਨਾ ਹੋਣ ਕਾਰਨ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਸ਼ਹਿਰ ਵਾਸੀ ਕਈ ਵਾਰ ਨਗਰ ਕੌਂਸਲ ਅਧਿਕਾਰੀਆਂ ਤੋਂ ਮਸਲੇ ਦੇ ਹੱਲ ਦੀ ਮੰਗ ਕਰ ਚੁੱਕੇ ਹਨ ਪਰ ਕੌਂਸਲ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਸਾਬਕਾ ਸਰਪੰਚ ਨਿਰਮਲ ਸਿੰਘ ਰਾਠੀ ਅਤੇ ਕੇਸਰ ਸਿੰਘ ਟਿਵਾਣਾ, ਪ੍ਰਕਾਸ਼ ਸਿੰਘ ਸੈਣੀ, ਰਾਮ ਜੀ ਦਾਸ, ਸੁਰਜੀਤ ਸਿੰਘ, ਜਸਬੀਰ ਸਿੰਘ ਆਦਿ ਦੱਸਿਆ ਕਿ ਨਗਰ ਕੌਂਸਲ ਵੱਲੋਂ ਪਾਣੀ ਦੀ ਨਿਕਾਸੀ ਲਈ ਬਣੇ ਨਾਲਿਆਂ ਦੀ ਸਾਫ਼ ਸਫ਼ਾਈ ਕਾਫੀ ਸਮੇਂ ਤੋਂ ਨਹੀ ਹੋਈ ਅਤੇ ਇਸ ਕਾਰਨ ਵਾਰਡ ਨੰਬਰ 4, 5, 6, 7, 8, 14 ਸਮੇਤ ਧਰਮਗੜ੍ਹ ਅਤੇ ਲਾਲੜੂ-ਮਗਰਾ ਰੋਡ ’ਤੇ ਬਣੇ ਨਾਲੇ ਗੰਦਗੀ ਨਾਲ ਭਰੇ ਹੋਏ ਹਨ। ਉਨ੍ਹਾਂ ਦੱਸਿਆ ਕਿ ਸਫ਼ਾਈ ਨਾ ਹੋਣ ਕਾਰਨ ਬਾਰਿਸ਼ਾਂ ਦੇ ਦਿਨਾਂ ਵਿੱਚ ਨਾਲਿਆਂ ਦਾ ਲੋਕਾਂ ਦੇ ਘਰਾਂ ਵਿੱਚ ਵੜ੍ਹ ਕੇ ਨੁਕਸਾਨ ਕਰ ਦਿੰਦਾ ਹੈ ਅਤੇ ਨਾਲਿਆਂ ਵਿੱਚ ਫੈਲੀ ਗੰਦਗੀ ਕਾਰਨ ਮਹਾਮਾਰੀ ਫੈਲਣ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਨਾਲਿਆਂ ਦੀ ਸਫ਼ਾਈ ਕਰਵਾਈ ਜਾਵੇ।
ਬਰਸਾਤਾਂ ਤੋਂ ਪਹਿਲਾਂ ਸਫ਼ਾਈ ਕਰਵਾ ਦਿੱਤੀ ਜਾਵੇਗੀ: ਸਾਹੀ
ਨਗਰ ਕੌਂਸਲ ਲਾਲੜੂ ਦੇ ਕਾਰਜਸਾਧਕ ਅਫਸਰ ਜਗਜੀਤ ਸਿੰਘ ਸਾਹੀ ਨੇ ਦੱਸਿਆ ਕਿ ਟੈਂਡਰ ਨਾ ਹੋਣ ਕਾਰਨ ਨਾਲਿਆਂ ਦੀ ਸਫ਼ਾਈ ਵਿੱਚ ਦੇਰੀ ਜ਼ਰੂਰ ਹੋਈ ਹੈ ਪਰ ਹੁਣ ਕੰਮ ਸ਼ੁਰੂ ਹੋ ਗਿਆ ਹੈ। ਬਰਸਾਤਾਂ ਤੋਂ ਪਹਿਲਾਂ ਸਾਰੇ ਨਾਲਿਆਂ ਦੀ ਸਫ਼ਾਈ ਕਰਵਾ ਦਿੱਤੀ ਜਾਵੇਗੀ।