ਕਰਮਜੀਤ ਸਿੰਘ ਚਿੱਲਾ
ਬਨੂੜ, 3 ਸਤੰਬਰ
ਬਨੂੜ ਸ਼ਹਿਰ ਦੀ ਵਸਨੀਕ ਐਡਵੋਕੇਟ ਸੁਨੈਨਾ ਥੱਮਣ ਵੱਲੋਂ ਅਖਬਾਰੀ ਰਿਪੋਰਟਾਂ ਨੂੰ ਆਧਾਰ ਬਣਾ ਕੇ ਕੌਮੀ ਗਰੀਨ ਟ੍ਰਿਬਿਊਨਲ (ਐੱਨਜੀਟੀ) ਕੋਲ ਬਨੂੜ, ਰਾਜਪੁਰਾ ਅਤੇ ਜ਼ੀਰਕਪੁਰ ਵਿੱਚ ਪੀਣ ਵਾਲਾ ਦੂਸ਼ਿਤ ਪਾਣੀ ਸਪਲਾਈ ਹੋਣ ਸਬੰਧੀ ਪਾਈ ਗਈ ਪਟੀਸ਼ਨ ਆਖ਼ਰਕਾਰ ਰੰਗ ਲਿਆਈ ਹੈ। ਬਨੂੜ ਸ਼ਹਿਰ ਦੇ ਸੱਤ ਟਿਊਬਵੈੱਲਾਂ ਉੱਤੇ ਕਲੋਰੀਨ ਪੰਪ ਸਥਾਪਤ ਕੀਤੇ ਗਏ ਹਨ, ਜਿਸ ਨਾਲ ਦੂਸ਼ਿਤ ਪਾਣੀ ਦਾ ਅਸਰ ਘਟੇਗਾ ਅਤੇ ਲੋਕਾਂ ਨੂੰ ਪਾਣੀ ਨਾਲ ਹੋਣ ਵਾਲੇ ਰੋਗਾਂ ਤੋਂ ਬਚਾਅ ਮਿਲੇਗਾ। ਐੱਨਜੀਟੀ ਵੱਲੋਂ ਪਹਿਲਾਂ ਹੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸੂਬਾ ਸਰਕਾਰ ਨੂੰ ਸਾਂਝੀ ਕਮੇਟੀ ਬਣਾ ਕੇ ਲੋੜੀਂਦੇ ਕਦਮ ਉਠਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਇਸ ਮਗਰੋਂ ਪ੍ਰਸ਼ਾਸਨ ਵੱਲੋਂ ਨਗਰ ਕੌਂਸਲ ਨੂੰ ਸ਼ਹਿਰ ਵਾਸੀਆਂ ਨੂੰ ਸਵੱਛ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਢੁੱਕਵੇਂ ਕਦਮ ਉਠਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ।
ਐਡਵੋਕੇਟ ਸੁਨੈਨਾ ਥੱਮਣ ਨੇ ਅੱਜ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੋਰਨਾਂ ਸ਼ਹਿਰਾਂ ਵਿੱਚ ਵੀ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਸੈਂਪਲ ਲੈ ਕੇ ਉਸ ਦੀ ਸਵੱਛਤਾ ਵੀ ਪਰਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕ ਪੀਲੀਆ, ਹੈਜ਼ਾ, ਦਸਤ, ਟਾਈਫ਼ਾਇਡ ਤੇ ਹੋਰ ਰੋਗਾਂ ਤੋਂ ਬਚਣਗੇ। ਉਨ੍ਹਾਂ ਐੱਨਜੀਟੀ, ਪ੍ਰਸ਼ਾਸਨ ਅਤੇ ਨਗਰ ਕੌਂਸਲ ਦਾ ਧੰਨਵਾਦ ਕੀਤਾ।