ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 27 ਅਪਰੈਲ
ਚੰਡੀਗੜ੍ਹ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਸੀਸੀਪੀਸੀਆਰ) ਵੱਲੋਂ ਅੱਜ ਸਕੂਲ ਬੱਸਾਂ ਦੀ ਜਾਂਚ ਕੀਤੀ ਗਈ। ਟੀਮ ਨੇ ਦੋ ਸਕੂਲਾਂ ਦੀਆਂ ਬੱਸਾਂ ਵਿਚ ਖਾਮੀਆਂ ਦਾ ਨੋਟਿਸ ਲਿਆ। ਕਮਿਸ਼ਨ ਨੇ ਹੋਰਨਾਂ ਸਕੂਲਾਂ ਨੂੰ ਵੀ ਸੁਰੱਖਿਆ ਇੰਤਜ਼ਾਮ ਪੂਰੇ ਕਰਨ ਦੇ ਨਿਰਦੇਸ਼ ਦਿੱਤੇ।
ਬਾਲ ਕਮਿਸ਼ਨ ਦੀ ਟੀਮ ਮੋਟਰ ਵਹੀਕਲ ਇੰਸਪੈਕਟਰ ਜੈ ਲਾਲ ਦੀ ਅਗਵਾਈ ਹੇਠ ਸਕੂਲਾਂ ਵਿੱਚ ਪੁੱਜੀ। ਟੀਮ ਨੇ ਪਹਿਲਾਂ ਆਂਚਲ ਇੰਟਰਨੈਸ਼ਨਲ ਸਕੂਲ ਸੈਕਟਰ-41 ਦੀਆਂ ਬੱਸਾਂ ਤੇ ਡਰਾਈਵਰਾਂ ਦੇ ਕਾਗਜ਼ਾਤ ਜਾਂਚੇ। ਇਸ ਸਕੂਲ ਵੱਲੋਂ ਬੱਸ ਅਟੈਂਡੈਂਟਾਂ ਦੀ ਪੁਲੀਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ ਪਰ ਸਕੂਲ ਨੇ ਟੀਮ ਨੂੰ ਭਰੋਸਾ ਦਿੱਤਾ ਕਿ ਉਹ ਜਲਦੀ ਹੀ ਬੱਸ ਅਟੈਂਡੈਂਟਾਂ ਦੀ ਪੁਲੀਸ ਵੈਰੀਫਿਕੇਸ਼ਨ ਕਰਵਾਉਣਗੇ। ਇਸ ਤੋਂ ਇਲਾਵਾ ਇਕ ਬੱਸ ਦਾ ਪੰਜਾਬ ਦਾ ਪਰਮਿਟ ਸੀ ਤੇ ਇਸ ਬੱਸ ਸਬੰਧੀ ਚੰਡੀਗੜ੍ਹ ਵਿਚਲੀਆਂ ਮਨਜ਼ੂਰੀਆਂ ਨਹੀਂ ਲਈਆਂ ਗਈਆਂ ਸਨ। ਇਸ ਤੋਂ ਬਾਅਦ ਟੀਮ ਨੇ ਕਿਡਜ਼-ਆਰ-ਕਿਡਜ਼ ਸਕੂਲ ਸੈਕਟਰ-42 ਦੀਆਂ ਬੱਸਾਂ ਦੀ ਜਾਂਚ ਕੀਤੀ। ਇਸ ਸਕੂਲ ਦੀ ਬੱਸ ਵਿਚ ਅੱਗ ਬੁਝਾਊ ਯੰਤਰ ਨਹੀਂ ਸਨ ਜਿਸ ਕਾਰਨ ਟੀਮ ਨੇ ਇਸ ਸਕੂਲ ਬੱਸ ਦਾ ਚਾਲਾਨ ਕੱਟਿਆ ਤੇ ਉਸ ਨੂੰ ਜੁਰਮਾਨਾ ਲਾਇਆ।
ਆਨਲਾਈਨ ਜਮਾਤਾਂ ਜਾਰੀ ਰੱਖਣ ਲਈ ਸਕੱਤਰ ਨੂੰ ਪੱਤਰ
ਚੰਡੀਗੜ੍ਹ ਪੇਰੈਂਟਸ ਐਸੋਸੀਏਸ਼ਨ (ਸੀਪੀਏ) ਦੇ ਪ੍ਰਧਾਨ ਨਿਤਿਨ ਗੋਇਲ ਨੇ ਅੱਜ ਸਿੱਖਿਆ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਸਕੂਲਾਂ ਵਿਚ ਆਫਲਾਈਨ ਦੇ ਨਾਲ ਆਨਲਾਈਨ ਜਮਾਤਾਂ ਵੀ ਸ਼ੁਰੂ ਕੀਤੀਆਂ ਜਾਣ। ਸ੍ਰੀ ਗੋਇਲ ਨੇ ਪ੍ਰਸ਼ਾਸਨ ਦੇ ਉਸ ਪੱਤਰ ਦਾ ਹਵਾਲਾ ਦਿੱਤਾ ਜਿਸ ਵਿਚ 12 ਤੋਂ 18 ਸਾਲ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਹੀ ਸਕੂਲ ਆਉਣ ਦੀ ਇਜਾਜ਼ਤ ਦਿੱਤੀ ਹੈ ਜਿਨ੍ਹਾਂ ਨੂੰ ਕਰੋਨਾ ਰੋਕੂ ਟੀਕਾ ਲੱਗਿਆ ਹੋਵੇਗਾ। ਸ੍ਰੀ ਗੋਇਲ ਨੇ ਕਿਹਾ ਕਿ ਸ਼ਹਿਰ ਦੇ ਕਈ ਵਿਦਿਆਰਥੀਆਂ ਨੂੰ ਅਜੇ ਟੀਕਾ ਨਹੀਂ ਲੱਗਾ। ਉਨ੍ਹਾਂ ਬਾਲ ਕਮਿਸ਼ਨ ਨੂੰ ਪੱਤਰ ਲਿਖਦਿਆਂ ਕਿਹਾ ਕਿ ਰਾਈਟ-ਟੂ-ਐਜੂਕੇਸ਼ਨ ਤਹਿਤ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ।