ਮੁਕੇਸ਼ ਕੁਮਾਰ
ਚੰਡੀਗੜ੍ਹ, 6 ਅਗਸਤ
ਮਨੀਮਾਜਰਾ ਦੇ ਸ਼ਿਵਾਲਿਕ ਗਾਰਡਨ (ਸੈਕਟਰ-13) ਵਿੱਚ ਚੰਡੀਗੜ੍ਹ ਨਗਰ ਨਿਗਮ ਵੱਲੋਂ ਦੋ ਰੋਜ਼ਾ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ ਇਸ ਸਮਾਗਮ ਦਾ ਉਦਘਾਟਨ ਮੁੱਖ ਮਹਿਮਾਨ ਮੇਅਰ ਸਰਬਜੀਤ ਕੌਰ ਢਿੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਵੀ ਹਾਜ਼ਰ ਸਨ। ਮੇਅਰ ਨੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਤੀਆਂ ਦੇ ਤਿਉਹਾਰ ਦੀ ਸਮਾਜਿਕ, ਧਾਰਮਿਕ ਅਤੇ ਇਤਿਹਾਸਕ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਕੌਂਸਲਰਾਂ ਸਮੇਤ ਨਗਰ ਨਿਗਮ ਦੇ ਅਧਿਕਾਰੀ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਤੋਂ ਪਹਿਲਾਂ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਪਤਵੰਤਿਆਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਮੁੱਖ ਮਹਿਮਾਨ ਨੂੰ ਰਵਾਇਤੀ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ। ਮੇਲੇ ਵਿੱਚ ਪੀਘਾਂ ਖਿੱਚ ਦਾ ਕੇਂਦਰ ਰਹੀਆਂ। ਇਸੇ ਤਰ੍ਹਾਂ ਸ਼ਿਲਪਕਾਰੀ, ਡਿਜ਼ਾਈਨਰ ਫੈਬਰਿਕ ਅਤੇ ਘਰੇਲੂ ਵਸਤਾਂ ਦੀ ਪ੍ਰਦਰਸ਼ਨੀ ਨੇ ਵੀ ਹਾਜ਼ਰ ਲੋਕਾਂ ਨੂੰ ਟੁੰਬਿਆ। ਇਸ ਤੋਂ ਇਲਾਵਾ ਫਾਇਰ ਐਂਡ ਐਮਰਜੈਂਸੀ ਸੇਵਾਵਾਂ, ਸਫ਼ਾਈ ਮਿੱਤਰ, ਸਵੱਛ ਭਾਰਤ ਮਿਸ਼ਨ ਅਤੇ ਚੰਡੀਗੜ੍ਹ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਦਿੱਤੀਆਂ ਜਾਂਦੀਆਂ ਸੇਵਾਵਾਂ ਸਬੰਧੀ ਸਟਾਲ ਵੀ ਲਗਾਏ ਗਏ। ਮੇਲੇ ਦੌਰਾਨ ਪੇਂਡੂ ਰਹਿਣ-ਸਹਿਣ ਨੂੰ ਦਰਸਾਉਂਦਾ ‘ਪਿੰਡ ਦੀ ਨੁਹਾਰ’ ਨਾਂ ਦਾ ਸੈੱਟਅੱਪ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਜਿੱਥੇ ਘੁਮਿਆਰ ਨੇ ਬੱਚਿਆਂ ਅਤੇ ਹੋਰਨਾਂ ਦਰਸ਼ਕਾਂ ਨੂੰ ਮਿੱਟੀ ਦੇ ਬਰਤਨ ਬਣਾਉਣ ਅਤੇ ਬਰਤਨਾਂ ਨੂੰ ਰੰਗਣਾ ਸਿਖਾਇਆ।