ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 10 ਅਕਤੂਬਰ
ਮੁਹਾਲੀ ਦੇ ਉਪ ਮੰਡਲ ਮੈਜਿਸਟਰੇਟ (ਐੱਸਡੀਐੱਮ) ਸਰਬਜੀਤ ਕੌਰ ਨੇ ਕੌਮੀ ਤਿਉਹਾਰਾਂ ਦੇ ਮੱਦੇਨਜ਼ਰ ਮੁਹਾਲੀ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚ ਮਠਿਆਈਆਂ ਬਣਾਉਣ ਵਾਲੇ ਕਾਰਖ਼ਾਨਿਆਂ ਦੀ ਚੈਕਿੰਗ ਕੀਤੀ।
ਅਧਿਕਾਰੀ ਅਨੁਸਾਰ ਚੈਕਿੰਗ ਦੌਰਾਨ ਇਹ ਦੇਖਣ ਨੂੰ ਮਿਲਿਆ ਕਿ ਜ਼ਿਆਦਾਤਰ ਕਾਰਖ਼ਾਨਿਆਂ ਵਿੱਚ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਨਿਯਮਾਂ ਦੀ ਪਾਲਣਾ ਕੀਤੀ ਜਾ ਰਹੀ ਸੀ। ਉਂਜ ਕਈ ਕਾਰਖ਼ਾਨਿਆਂ ਵਿੱਚੋਂ ਸੈਂਪਲ ਭਰੇ ਗਏ ਹਨ। ਕੁਆਲਿਟੀ ਵਿੱਚ ਹੋਰ ਵਧੇਰੇ ਸੁਧਾਰ ਲਈ ਨੋਟਿਸ ਜਾਰੀ ਕੀਤੇ ਗਏ ਹਨ। ਇਸ ਮੌਕੇ ਕਾਰਖ਼ਾਨਿਆਂ ਵਿੱਚ ਕੰਮ ਕਰ ਰਹੇ ਲੋਕਾਂ ਨੂੰ ਫੂਡ ਸੇਫਟੀ ਦੇ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਐੱਸਡੀਐੱਮ ਨੇ ਕਿਹਾ ਕਿ ਚੈਕਿੰਗ ਦੌਰਾਨ ਵਪਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਾਫ਼-ਸੁਥਰੇ ਢੰਗ ਨਾਲ ਮਠਿਆਈਆਂ ਬਣਾਉਣ, ਫੂਡ ਸੇਫਟੀ ਅਥਾਰਿਟੀ ਵੱਲੋਂ ਮਾਨਤਾ ਪ੍ਰਾਪਤ ਰੰਗਾਂ ਦੀ ਵਰਤੋਂ ਕਰਨ ਅਤੇ ਮਠਿਆਈਆਂ ਉੱਤੇ ਬੈੱਸਟ ਬਿਫੋਰ ਤਰੀਕ ਲਿਖਣ ਸਬੰਧੀ ਖ਼ਾਸ ਧਿਆਨ ਰੱਖਣ। ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਸੁਭਾਸ਼ ਕੁਮਾਰ, ਫੂਡ ਸੇਫ਼ਟੀ ਅਫ਼ਸਰ ਲਵਪ੍ਰੀਤ ਸਿੰਘ, ਫੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ ਵੀ ਮੌਜੂਦ ਸਨ।