ਹਰਜੀਤ ਸਿੰਘ
ਜ਼ੀਰਕਪੁਰ, 24 ਨਵੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਭਾਜਪਾ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਦੇ ਪੁੱਤਰ ਦੇ ਵਿਆਹ ਵਿੱਚ ਇਥੋਂ ਦੇ ਇਕ ਮੈਰਿਜ ਪੈਲੇਸ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ। ਮੁੱਖ ਮੰਤਰੀ ਸ੍ਰੀ ਚੰਨੀ ਨਾਲ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੀ ਮੌਜੂਦ ਸਨ। ਉਨ੍ਹਾਂ ਦੇ ਹੈਲੀਕਾਪਟਰ ਲਈ ਖੇਤਾਂ ’ਚ ਵਿਸ਼ੇਸ਼ ਹੈਲੀਪੈਡ ਬਣਾਇਆ ਗਿਆ ਸੀ। ਹੈਲੀਕਾਪਟਰ ’ਚੋਂ ਉੱਤਰਨ ਮਗਰੋਂ ਉਹ ਪਹਿਲਾਂ ਤੋਂ ਤਿਆਰ ਖੜ੍ਹੇ ਆਪਣੇ ਕਾਫਲੇ ਨਾਲ ਵਿਆਹ ਸਮਾਗਮ ਵਿੱਚ ਪਹੁੰਚੇ। ਉਥੇ ਅੱਧਾ ਘੰਟਾ ਬਿਤਾਉਣ ਮਗਰੋਂ ਉਹ ਆਪਣੇ ਕਾਫ਼ਲੇ ਨਾਲ ਵਾਪਸ ਆ ਗਏ। ਹੈਲੀਪੈਡ ਤੱਕ ਪਹੁੰਚਣ ਲਈ ਉਨ੍ਹਾਂ ਦੇ ਕਾਫਲੇ ਨੇ ਆਵਾਜਾਈ ਨਿਯਮਾਂ ਦੀ ਉਲੰਘਣਾ ਕੀਤੀ। ਉਨ੍ਹਾਂ ਦਾ ਕਾਫਲਾ ਚੰਡੀਗੜ੍ਹ ਅੰਬਾਲਾ ਕੌਮੀ ਰਾਹ ’ਤੇ ਮੈਕਡੌਨਲਡ ਚੌਕ ਨੇੜੇ ਸਥਿਤ ਮੈਰਿਜ ਪੈਲੇਸ ਤੋਂ ਬਾਹਰ ਨਿਕਲ ਕੇ ਸਿੰਘਪੁਰਾ ਚੌਕ ਤੋਂ ਘੁੰਮ ਕੇ ਆਉਣ ਦੀ ਥਾਂ ਗ਼ਲਤ ਦਿਸ਼ਾ ਤੋਂ ਏਅਰੋ ਸਿਟੀ ਰੋਡ ’ਤੇ ਚੜ੍ਹਿਆ। ਮੁੱਖ ਮੰਤਰੀ ਦੇ ਕਾਫਲੇ ਨੂੰ ਲੰਘਾਉਣ ਲਈ ਪੁਲੀਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਕਾਫਲੇ ਨੂੰ ਲੰਘਾਉਣ ਲਈ ਸਰਵਿਸ ਲੇਨ ’ਤੇ ਕੁਝ ਦੇਰ ਲਈ ਆਵਾਜਾਈ ਰੋਕ ਲਈ ਗਈ ਸੀ। ਇਸ ਦੌਰਾਨ ਰੋਕੇ ਗਏ ਰਾਹਗੀਰਾਂ ਨੇ ਕਿਹਾ ਕਿ ਆਮ ਲੋਕਾਂ ਨੂੰ ਪੁਲੀਸ ਸਿੰਘਪੁਰਾ ਚੌਕ ਤੋਂ ਘੁੰਮ ਕੇ ਆਉਣ ਦਿੰਦੀ ਹੈ ਤੇ ਉਲੰਘਣਾ ਕਰਨ ਵਾਲੇ ਦਾ ਚਾਲਾਨ ਕੀਤਾ ਜਾਂਦਾ ਹੈ ਪਰ ਮੁੱਖ ਮੰਤਰੀ ਨੂੰ ਕਿਸੇ ਵੀ ਪੁਲੀਸ ਅਧਿਕਾਰੀ ਨੇ ਨਹੀਂ ਰੋਕਿਆ। ਵਿਆਹ ਸਮਾਗਮ ਵਿੱਚ ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਵੱਡੇ ਆਗੂ ਪਹੁੰਚੇ ਹੋਏ ਸਨ। ਵਿਆਹ ਸਮਾਗਮ ਕਾਰਨ ਅੱਜ ਸ਼ਹਿਰ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ।