ਆਤਿਸ਼ ਗੁਪਤਾ
ਚੰਡੀਗੜ੍ਹ, 2 ਫਰਵਰੀ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਨੇ ਜਨ-ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਉੱਧਰ ਸਾਰਾ ਦਿਨ ਚੱਲਦੀਆਂ ਠੰਢੀਆਂ ਹਵਾਵਾਂ ਕਰਕੇ ਤਾਪਮਾਨ ਵੀ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ 3 ਅਤੇ 4 ਫਰਵਰੀ ਨੂੰ ਸ਼ਹਿਰ ਵਿੱਚ ਮੀਂਹ ਪੈ ਸਕਦਾ ਹੈ ਜਾਂ ਸਾਰਾ ਦਿਨ ਬੱਦਲਵਾਈ ਰਹਿ ਸਕਦੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 14.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਹੈ। ਜਦੋਂ ਕਿ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਉਹ ਆਮ ਦੇ ਬਰਾਬਰ ਸੀੈ। ਅੱਜ ਸਵੇਰ ਤੋਂ ਪੈ ਰਹੀ ਸੰਘਣੀ ਧੁੰਦ ਕਰਕੇ ਸੜਕਾਂ ’ਤੇ ਵੀਜ਼ੀਬਿਲਟੀ ਵੀ ਬਹੁਤ ਘੱਟ ਦਰਜ ਕੀਤੀ ਗਈ ਜਿਸ ਕਾਰਨ ਸੜਕਾਂ ’ਤੇ ਵਾਹਨਾਂ ਦੀਆਂ ਕਤਾਰਾਂ ਲੱਗੀਆਂ ਰਹੀਆਂ। ਇਹ ਧੁੰਦ ਦੁਪਹਿਰ ਤੱਕ ਪੈਂਦੀ ਰਹੀ ਹੈ। ਜਿਸ ਤੋਂ ਬਾਅਦ ਸ਼ਹਿਰ ਵਿੱਚ ਬੱਦਲਵਾਈ ਕਰਕੇ ਵੀ ਠੰਢ ਦਾ ਮਾਹੌਲ ਬਣਿਆ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਵਿਗਾੜ ਦੇ ਚਲਦਿਆਂ ਹੀ ਫਰਵਰੀ ਮਹੀਨੇ ਦੀ ਸ਼ੁਰੂਆਤ ਵਿੱਚ ਮੌਸਮ ਵਿੱਚ ਭਾਰੀ ਠੰਢਕ ਦੇਖਣ ਨੂੰ ਮਿਲ ਸਕਦੀ ਹੈ ਅਤੇ ਸੋਮਵਾਰ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਸੰਭਾਵਣਾ ਹੈ।