ਆਤਿਸ਼ ਗੁਪਤਾ
ਚੰਡੀਗੜ੍ਹ, 14 ਜੂਨ
ਚੰਡੀਗੜ੍ਹ ਵਿੱਚ ਜੂਨ ਮਹੀਨੇ ਦੇ ਅੱਧ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਨੂੰ ਬੇਹਾਲ ਕਰ ਦਿੱਤਾ ਹੈ। ਦਿਨ ਅਤੇ ਰਾਤ ਸਮੇਂ ਲਗਾਤਾਰ ਵੱਧ ਰਹੇ ਤਾਪਮਾਨ ਅਤੇ ਲੂ ਕਰਕੇ ਲੋਕਾਂ ਦੀਆਂ ਦਿੱਕਤਾਂ ਹੋਰ ਵੱਧ ਗਈਆਂ ਹਨ। ਇਸੇ ਦੌਰਾਨ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ 16 ਜੂਨ ਤੋਂ ਪ੍ਰੀ ਮੌਨਸੂਨ ਦਾ ਪਲੇਠਾ ਮੀਂਹ ਪੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 15 ਜੂਨ ਰਾਤ ਤੋਂ ਹੀ ਸ਼ਹਿਰ ’ਚ ਮੌਸਮ ਸੁਹਾਵਣਾ ਹੋ ਜਾਵੇਗਾ। ਜਦੋਂ ਕਿ 15 ਜੂਨ ਦੇਰ ਰਾਤ ਜਾਂ ਫੇਰ 16 ਜੂਨ ਦਿਨ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ। ਇਹ ਮੀਂਹ 16 ਅਤੇ 17 ਜੂਨ ਨੂੰ ਪੈਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਤਾਪਮਾਨ ’ਚ ਮਾਮੂਲੀ ਵਾਧਾ ਦਰਜ ਕੀਤਾ ਜਾਵੇਗਾ।ਮੌਸਮ ਵਿਭਾਗ ਅਨੁਸਾਰ ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 42.9 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘਾਟ ਤਾਪਮਾਨ ਵੀ 29 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜੋ ਕਿ ਆਮ ਨਾਲੋਂ 4 ਡਿਗਰੀ ਸੈਲਸੀਅਸ ਵੱਧ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 48 ਘੰਟੇ ਮੀਂਹ ਪੈਣ ਕਰਕੇ ਦਿਨ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਹੇਠਾਂ ਆਉਣ ਦੀ ਉਮੀਦ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਪ੍ਰੀ ਮੌਨਸੂਨ ਤੋਂ 15 ਦਿਨ ਬਾਅਦ ਚੰਡੀਗੜ੍ਹ ਵਿੱਚ ਮੌਨਸੂਨ ਦਸਤਕ ਦਿੰਦਾ ਹੈ। ਇਸ ਤਰ੍ਹਾਂ ਜੂਨ ਦੇ ਅਖੀਰ ਵਿੱਚ ਮੌਨਸੂਨ ਦਸਤਕ ਦੇ ਸਕਦਾ ਹੈ। ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਕੁਝ ਦਿਨ ਗਰਮੀ ਤੋਂ ਰਾਹਤ ਮਿਲੇਗੀ।