ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਮਈ
ਸ਼ਹਿਰ ਵਿੱਚ ਪ੍ਰਦੂਸ਼ਣ ਘਟਾਉਣ ਲਈ ਪ੍ਰਸ਼ਾਸਨ ਦੀ ਚਾਰਾਜੋਈ ਜਾਰੀ ਹੈ। ਇਸ ਮੰਤਵ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਨੂੰ 40 ਹੋਰ ਇਲੈਕਟ੍ਰਿਕ ਬੱਸਾਂ ਮਿਲਣਗੀਆਂ। ਇਹ ਬੱਸਾਂ ਅਗਸਤ ਮਹੀਨੇ ਦੇ ਅਖੀਰ ਤੱਕ ਚੰਡੀਗੜ੍ਹ ਪਹੁੰਚ ਸਕਦੀਆਂ ਹਨ। ਯੂਟੀ ਪ੍ਰਸ਼ਾਸਨ ਦੀ ਟੀਮ ਜਲਦ ਹੀ ਇਨ੍ਹਾਂ ਬੱਸਾਂ ਦਾ ਮੁਆਇਨਾ ਕਰਨ ਲਈ ਇੰਦੌਰ ਜਾਵੇਗੀ ਜਿਸ ਤੋਂ ਬਾਅਦ ਬੱਸਾਂ ਨੂੰ ਚੰਡੀਗੜ੍ਹ ਪਹੁੰਚਾਉਣ ਦੀ ਤਰੀਕ ਤੈਅ ਕੀਤੀ ਜਾਵੇਗੀ। ਇਸ ਤੋਂ ਪਹਿਲਾਂ 40 ਇਲੈਕਟ੍ਰਿਕ ਬੱਸਾਂ ਪਹਿਲਾਂ ਹੀ ਸ਼ਹਿਰ ਦੀਆਂ ਸੜਕਾਂ ’ਤੇ ਚੱਲ ਰਹੀਆਂ ਹਨ।
ਯੂਟੀ ਪ੍ਰਸ਼ਾਸਨ ਨੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਸ਼ਹਿਰ ਵਿੱਚ 80 ਇਲੈਕਟ੍ਰਿਕ ਬੱਸਾਂ ਚਲਾਉਣ ਦਾ ਫ਼ੈਸਲਾ ਲਿਆ ਸੀ। ਪਹਿਲੇ ਗੇੜ ਵਿੱਚ 40 ਬੱਸਾਂ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ। ਇਹ ਬੱਸਾਂ ਅਸ਼ੋਕਾ ਲੇਅਲੈਂਡ ਕੰਪਨੀ ਨੇ ਤਿਆਰ ਕੀਤੀਆਂ ਹਨ। ਦੂਜੇ ਗੇੜ ਵਿੱਚ ਬੱਸਾਂ ਦਾ ਟੈਂਡਰ ਆਈਸ਼ਰ ਕੰਪਨੀ ਨੂੰ ਦਿੱਤਾ ਗਿਆ ਹੈ ਅਤੇ ਇੰਦੌਰ ਸਥਿਤ ਕੰਪਨੀ ਦੇ ਪਲਾਂਟ ਵਿੱਚ ਬੱਸਾਂ ਬਣਾਈਆਂ ਜਾ ਰਹੀਆਂ ਹਨ।