ਆਤਿਸ਼ ਗੁਪਤਾ
ਚੰਡੀਗੜ੍ਹ, 15 ਜੂਨ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਦਰ ਸਿਰਫ਼ 2.9 ਫ਼ੀਸਦ ਰਹਿਣ ਕਾਰਨ ਯੂਟੀ ਪ੍ਰਸ਼ਾਸਨ ਨੇ ਪਾਬੰਦੀਆਂ ਦਾ ਘੇਰਾ ਹੋਰ ਘਟਾਉਂਦਿਆ ਸ਼ਹਿਰ ਵਾਸੀਆਂ ਨੂੰ ਰਾਹਤ ਦਿੱਤੀ ਹੈ। ਸ਼ਹਿਰ ’ਚ ਦੁਕਾਨਾਂ ਸਵੇਰੇ 10 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ। ਜਦੋਂਕਿ ਉਹ ਪਹਿਲਾਂ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਖੁੱਲ੍ਹਦੀਆਂ ਸਨ। ਇਹ ਪ੍ਰਗਟਾਵਾ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਕਰੋਨਾ ਪ੍ਰਬੰਧਾਂ ਸਬੰਧੀ ਸਮੀਖਿਆ ਬੈਠਕ ਦੌਰਾਨ ਕੀਤਾ। ਸ੍ਰੀ ਬਦਨੌਰ ਨੇ ਦੱਸਿਆ ਕਿ ਸ਼ਹਿਰ ਵਿਚਲੇ ਸਾਰੇ ਰੈਸਟੋਰੇਂਟ/ਬਾਰ 50 ਫ਼ੀਸਦ ਸਮਰੱਥਾ ਨਾਲ ਸਵੇਰੇ 10 ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸ ਦੇ ਨਾਲ ਹੀ ਰਾਤ ਦੇ ਕਰਫਿਊ ਦਾ ਸਮਾਂ ਵੀ ਅੱਧਾ ਘੰਟਾ ਘਟਾ ਦਿੱਤਾ ਹੈ। ਹੁਣ ਰਾਤ ਦਾ ਕਰਫਿਊ 10.30 ਤੋਂ ਸਵੇਰੇ 5 ਵਜੇ ਤੱਕ ਲੱਗੇਗਾ। ਜੋ ਪਹਿਲਾਂ ਰਾਤ 10 ਤੋਂ ਸਵੇਰੇ 5 ਵਜੇ ਤੱਕ ਲੱਗਦਾ ਹੈ। ਯੂਟੀ ਪ੍ਰਸ਼ਾਸਨ ਦੇ ਆਦੇਸ਼ 16 ਜੂਨ ਸਵੇਰੇ 6 ਵਜੇ ਤੋਂ ਅਗਾਮੀ ਹੁਕਮਾਂ ਤੱਕ ਜਾਰੀ ਰਹਿਣਗੇ। ਪ੍ਰਸ਼ਾਸਕ ਨੇ ਦੱਸਿਆ ਕਿ ਐਤਵਾਰ ਨੂੰ ਪਾਬੰਦੀਆਂ ਦਾ ਫ਼ੈਸਲਾ ਭਵਿੱਖ ’ਚ ਕਰੋਨਾ ਕੇਸਾਂ ਦੀ ਗਿਣਤੀ ਨੂੰ ਵੇਖਦਿਆਂ ਲਿਆ ਜਾਵੇਗਾ। ਉਨ੍ਹਾਂ ਦੁਕਾਨਦਾਰਾਂ ਤੇ ਮਾਰਕੀਟ ਐਸੋਸੀਏਸ਼ਨਾਂ ਨੂੰ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਤੇ ਹਰ ਸਮੇਂ ਮਾਸਕ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਵਾਰ ਰੂਮ ਦੀ ਮੀਟਿੰਗ ’ਚ ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਚੰਡੀਗੜ੍ਹ ’ਚ 15,240 ਜਣਿਆਂ ਦੇ ਕਰੋਨਾ ਸੈਂਪਲ ਲਏ ਗਏ ਹਨ। ਜਿਸ ’ਚ ਸਿਰਫ਼ 2.9 ਫ਼ੀਸਦ ਲੋਕ ਪਾਜ਼ੇਟਿਵ ਹਨ। ਇਸ ਤੋਂ ਇਲਾਵਾ ਸ਼ਹਿਰ ’ਚ 97.7 ਫ਼ੀਸਦ ਲੋਕ ਠੀਕ ਹੋ ਰਹੇ ਹਨ ਜਦੋਂਕਿ ਜ਼ਿਆਦਾ ਹਾਲਤ ਖਰਾਬ ਹੋਣ ਕਰਕੇ 1.3 ਫ਼ੀਸਦ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਸ਼ਹਿਰ ’ਚ 4 ਲੱਖ ਤੋਂ ਵੱਧ ਲੋਕਾਂ ਨੂੰ ਕਰੋਨਾ ਰੋਕੂ ਟੀਕਾ ਲਾਇਆ ਜਾ ਚੁੱਕਾ ਹੈ। ਰੋਜ਼ਾਨਾ 6 ਹਜ਼ਾਰ ਜਣਿਆਂ ਨੂੰ ਟੀਕਾ ਲਾਇਆ ਜਾ ਰਿਹਾ ਹੈ। ਪੀਜੀਆਈ ਵੱਲੋਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਦੇ ਕੀਤੇ ਜਾ ਰਹੇ ‘ਸੈਰੋ-ਸਰਵੇ’ ਪਾਰੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਬਹੁਤ ਹੀ ਕਾਰਗਾਰ ਸਾਬਤ ਹੋਵੇਗਾ। ਇਸ ਨਾਲ ਬੱਚਿਆ ਨੂੰ ਕਰੋਨਾ ਰੋਕੂ ਟੀਕਾ ਲਗਾਉਣ ਦੀ ਰਣਨੀਤੀ ਤਿਆਰ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਕਰੋਨਾ ਦੀ ਤੀਜੀ ਲਹਿਰ ’ਚ ਬੱਚਿਆਂ ’ਤੇ ਹਮਲਾ ਕੀਤੇ ਜਾਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਸਰਵੇ ਤੀਜੀ ਲਹਿਰ ਦੀ ਰੋਕਥਾਮ ਲਈ ਲਾਹੇਵੰਦ ਸਾਬਤ ਹੋਵੇਗਾ।
ਮੌਨਸੂਨ ਲਈ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੀ ਹਦਾਇਤ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਚੰਡੀਗੜ੍ਹ ਵਿੱਚ ਮੌਨਸੂਨ ਦੀ ਆਮਦ 15 ਦਿਨ ਜਲਦੀ ਹੋਣ ਕਰਕੇ ਵੱਖ-ਵੱਖ ਅਧਿਕਾਰੀਆਂ ਨਾਲ ਵਿਚਾਰ-ਚਰਚਾ ਕੀਤੀ। ਪ੍ਰਸ਼ਾਸਕ ਨੇ ਪ੍ਰਸ਼ਾਸਨਿਕ ਅਧਿਕਾਰੀਆਂ, ਇੰਜਨੀਅਰਿੰਗ ਵਿਭਾਗ ਦੇ ਅਧਿਕਾਰੀਆਂ ਤੇ ਸਿਹਤ ਵਿਭਾਗ ਨੂੰ ਚੌਕਸ ਰਹਿਣ ਦੀ ਹਦਾਇਤ ਦਿੱਤੀ ਹੈ। ਇਸ ਦੇ ਨਾਲ ਹੀ ਮੌਨਸੂਨ ਦੌਰਾਨ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ।
ਪੰਚਕੂਲਾ ਵਿੱਚ ਸਾਰੀਆਂ ਦੁਕਾਨਾਂ ਸਵੇਰੇ 9 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹਣਗੀਆਂ
ਪੰਚਕੂਲਾ (ਪੀ.ਪੀ. ਵਰਮਾ) ਪੰਚਕੂਲਾ ਪ੍ਰਸ਼ਾਸਨ ਨੇ ਕਰੋਨਾ ਮਹਾਂਮਾਰੀ ਦੀ ਰੋਕਥਾਮ ਨੂੰ ਲੈ ਕੇ ਜਾਰੀ ਪਾਬੰਦੀਆਂ ਨੂੰ 21 ਜੂਨ ਤੱਕ ਵਧਾਉਂਦੇ ਹੋਏ ਕੁਝ ਰਾਹਤ ਵੀ ਦਿੱਤੀ ਹੈ। ਡਿਪਟੀ ਕਮਿਸ਼ਨਰ ਵਿਨੈ ਪ੍ਰਤਾਪ ਸਿੰਘ ਨੇ ਮਹਾਮਾਰੀ ਅਲਰਟ-ਸੁਰੱਖਿਅਤ ਹਰਿਆਣਾ ਦੇ ਨਿਯਮਾਂ ਨੂੰ ਬਦਲਿਆ ਹੈ। ਜ਼ਿਲ੍ਹੇ ਵਿੱਚ ਔਡ-ਈਵਨ ਪ੍ਰਣਾਲੀ ਨੂੰ ਖਤਮ ਕਰਕੇ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਸਹਿਮਤੀ ਦੇ ਦਿੱਤੀ ਹੈ। ਡੀਸੀ ਵਿਜੈ ਪ੍ਰਤਾਪ ਸਿੰਘ ਨੇ ਦੱਸਿਆ ਕਿ ਔਡ ਈਵਨ ਫਾਰਮੂਲਾ ਬੰਦ ਕੀਤਾ ਗਿਆ ਹੈ ਜਦੋਂਕਿ ਰਾਤ ਦਾ ਕਰਫਿਊ ਰਾਤ ਦਸ ਵਜੇ ਤੋਂ ਲਾਗੂ ਹੋਵੇਗਾ। ਜ਼ਿਲ੍ਹੇ ਦੇ ਸਾਰੇ ਕਾਲਜ, ਕੋਚਿੰਗ ਸੈਂਟਰ, ਆਈਟੀਆਈ, ਲਾਈਬ੍ਰੇਰੀ ਤੇ ਟ੍ਰੇਨਿੰਗ ਇੰਸਟੀਚਿਊਟ ਅਗਲੇ ਨਿਰਦੇਸ਼ਾਂ ਤੱਕ ਬੰਦ ਰਹਿਣਗੇ। ਦੁਕਾਨਾਂ ਸਵੇਰੇ 9 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਮਾਲ ਸਵੇਰੇ 10 ਵਜੇ ਤੋਂ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਹੋਟਲ ਤੇ ਮਾਲ ਵਿੱਚ ਸਥਿਤ ਰੈਸਟੋਰੈਂਟ ਤੇ ਬਾਰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹੇ ਰਹਿਣਗੇ। ਇਹ ਕੋਵਿਡ-19 ਤਹਿਤ 50% ਸਮਰੱਥਾ ਨਾਲ ਖੋਲ੍ਹੇ ਜਾਣਗੇ। ਧਾਰਮਿਕ ਜਗ੍ਹਾਂ ’ਤੇ 21 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਣਗੇ।