ਮੁਕੇਸ਼ ਕੁਮਾਰ
ਚੰਡੀਗੜ੍ਹ, 28 ਅਪਰੈਲ
ਚੰਡੀਗੜ੍ਹ ਨਗਰ ਨਿਗਮ ਨੇ ਕਮਾਈ ਦੇ ਸਰੋਤ ਵਧਾਉਣ ਲਈ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਪਾਰਕ ਵਾਹਨਾਂ ’ਤੇ ਐਂਟਰੀ ਟੈਕਸ ਲਗਾਉਣ ਦੇ ਰੌਂਅ ਵਿੱਚ ਹੈ। ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੀ ਅੱਜ ਹੋਈ ਮੀਟਿੰਗ ਦੌਰਾਨ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੜਚੋਲ ਕਰਨ ਦਾ ਫੈਸਲਾ ਕੀਤਾ ਗਿਆ।
ਮੇਅਰ ਸਰਬਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਅਨੁਮਾਨਤ ਖਰਚਿਆਂ ਨੂੰ ਹਰੀ ਝੰਡੀ ਦਿੱਤੀ ਗਈ। ਵੇਰਵਿਆਂ ਅਨੁਸਾਰ ਫਾਇਰ ਐਂਡ ਰੈਸਕਿਊ ਸਰਵਿਸਿਜ਼ ਲਈ ਨਵੇਂ ਖਰੀਦੇ ਗਏ ਤਿੰਨ ਵਾਟਰ ਟੈਂਡਰਾਂ ਲਈ ਫਾਇਰ ਉਪਕਰਨਾਂ ਦੀ ਖਰੀਦ ਲਈ 22.45 ਲੱਖ ਰੁਪਏ ਨੂੰ ਮਨਜ਼ੂਰੀ ਦਿੱਤੀ ਗਈ। ਇਸੇ ਤਰ੍ਹਾਂ ਕਮੇਟੀ ਨੇ ਸਪੋਰਟਸ ਕੰਪਲੈਕਸ ਮਨੀਮਾਜਰਾ ਲਈ 11.22 ਲੱਖ ਦੀ ਲਾਗਤ ਨਾਲ ਲਾਈਟਾਂ ਲਾਉਣ, ਸੈਕਟਰ-32 ਵਿੱਚ ਵਾਟਰ ਵਰਕਸ ਹਾਊਸ ਦੀ 14.20 ਲੱਖ ਨਾਲ ਮੁਰੰਮਤ ਕਰਵਾਉਣ, ਸੈਕਟਰ 29, 32, 33, 45, 51, ਬਾਪੂ ਧਾਮ, ਰਾਮ ਦਰਬਾਰ ਅਤੇ ਮਨੀਮਾਜਰਾ ਦੇ ਪਾਰਕਾਂ ਵਿੱਚ 43.98 ਲੱਖ ਦੀ ਲਾਗਤ ਨਾਲ ਪਾਈਪਲਾਈਨ ਵਿਛਾਉਣ, ਐੱਮਐੱਚਸੀ ਮਨੀਮਾਜਰਾ ਲਈ ਚਾਰਦੀਵਾਰੀ ਅਤੇ 43.10 ਲੱਖ ਦੀ ਲਾਗਤ ਨਾਲ ਰੇਲਿੰਗ ਲਗਾਉਣ, ਕਮਿਊਨਿਟੀ ਸੈਂਟਰਾਂ ਵਿੱਚ 7.20 ਲੱਖ ਦੀ ਲਾਗਤ ਨਾਲ ਫ਼ਰਨੀਚਰ ਲਗਾਉਣ, ਸੜਕਾਂ ਅਤੇ ਪਾਰਕਿੰਗਾਂ ਲਈ 19.75 ਲੱਖ ਦੀ ਲਾਗਤ ਨਾਲ ਰੋਡ ਮਾਰਕਿੰਗ ਪੇਂਟ ਮੁਹੱਈਆ ਕਰਵਾਉਣ, ਸੈਕਟਰ 22-ਏ ਵਿੱਚ ਮਕਾਨ ਨੰਬਰ 21 ਤੋਂ 34 ਦੀ ਬੈਕ ਸਰਵਿਸ ਲਾਈਨ ਵਿੱਚ 5.73 ਲੱਖ ਦੀ ਲਾਗਤ ਨਾਲ ਕੰਕਰੀਟ ਫਲੋਰਿੰਗ ਵਿਛਾਉਣ, ਸੈਕਟਰ 41-ਡੀ ਦੇ ਸ਼ੋਅਰੂਮ ਸਾਹਮਣੇ ਅਤੇ ਸੰਪਰਕ ਕੇਂਦਰ ਸੈਕਟਰ 41-ਏ ਨੇੜੇ ਪਾਰਕਿੰਗ ਵਿੱਚ ਸਟਰੌਮ ਵਾਟਰ ਡਰੇਨੇਜ ਸਿਸਟਮ ਲਈ 46.41 ਲੱਖ ਰੁਪਏ, ਸੈਕਟਰ 29-ਬੀ ਅਤੇ ਸੀ ਦੇ ਪਾਰਕਾਂ ਦੇ ਆਲੇ-ਦੁਆਲੇ ਪੇਵਰ ਬਲਾਕਾਂ/ਪੀਸੀਸੀ ਟਾਈਲਾਂ ਲਈ 12.03 ਲੱਖ ਦੇ ਅਨੁਮਾਨਤ ਖਰਚੇ ਨੂੰ ਪਾਸ ਕੀਤਾ ਗਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਸ਼ਹਿਰ ਦੇ ਵਿਕਾਸ ਲਈ ਹਮੇਸ਼ਾ ਗੰਭੀਰ ਰਿਹਾ ਹੈ।
ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ, ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ, ਸੌਰਭ ਜੋਸ਼ੀ, ਜਸਬੀਰ ਸਿੰਘ, ਗੁਰਬਖਸ਼ ਕੌਰ ਰਾਵਤ ਅਤੇ ਤਰੁਣਾ ਮਹਿਤਾ ਸਣੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।
ਰਾਏਪੁਰ ਦੇ ਨਿਗਮ ਅਧਿਕਾਰੀ ਚੰਡੀਗੜ੍ਹ ਦਾ ਕਰਨਗੇ ਦੌਰਾ; ਬਜਟ ਪ੍ਰਵਾਨ
ਵਿੱਤ ਤੇ ਠੇਕਾ ਕਮੇਟੀ ਮੈਂਬਰਾਂ ਨੇ ਨਗਰ ਨਿਗਮ ਚੰਡੀਗੜ੍ਹ ਦੇ ਸੈਨੀਟੇਸ਼ਨ ਪ੍ਰੋਜੈਕਟਾਂ ਦਾ ਅਧਿਐਨ ਕਰਨ ਲਈ ਨਗਰ ਨਿਗਮ ਰਾਏਪੁਰ, ਛੱਤੀਸਗੜ੍ਹ ਦੇ ਮੇਅਰ, ਚੇਅਰਮੈਨ ਅਤੇ ਕੌਂਸਲਰਾਂ ਦੇ ਚੰਡੀਗੜ੍ਹ ਦੌਰੇ ਲਈ 12 ਲੱਖ ਰੁਪਏ ਦੇ ਬਜਟ ਨੂੰ ਪ੍ਰਵਾਨਗੀ ਦਿੱਤੀ। ਇਸ ਤੋਂ ਇਲਾਵਾ ਕਮੇਟੀ ਮੈਂਬਰਾਂ ਨੇ ਵੀ-5 ਰੋਡ ਸੈਕਟਰ-30 ਦੇ ਨਾਲ ਲੱਗਦੇ ਫੁੱਟਪਾਥ ਦੇ ਮੁਰੰਮਤ ਲਈ 44. 52 ਲੱਖ ਰੁਪਏ, ਕਮਿਊਨਿਟੀ ਸੈਂਟਰ ਸੈਕਟਰ-40 ਦੀ ਮੁਰੰਮਤ ਲਈ 44.84 ਲੱਖ ਰੁਪਏ, ਸੈਕਟਰ 24-ਸੀ ਅਤੇ ਡੀ ਨਾਲ ਲੱਗਦੇ ਪਾਰਕ ਦੇ ਆਲੇ-ਦੁਆਲੇ ਪੇਵਰ ਬਲਾਕਾਂ ਲਈ 41.30 ਲੱਖ ਰੁਪਏ ਸਮੇਤ ਹੋਰਨਾਂ ਵਿਕਾਸ ਕਾਰਜਾਂ ਦੇ ਅਨੁਮਾਨਤ ਖਰਚਿਆਂ ਨੂੰ ਹਰੀ ਝੰਡੀ ਦਿੱਤੀ। ਨਿਗਮ ਹਾਊਸ ਦੀ ਮਹੀਨਾਵਾਰ ਮੀਟਿੰਗ ਮੁਲਤਵੀ: ਚੰਡੀਗੜ੍ਹ ਦੀ ਮੇਅਰ ਨੇ ਸ਼ੁੱਕਰਵਾਰ ਨੂੰ ਸੱਦੀ ਗਈ ਨਿਗਮ ਹਾਊਸ ਦੀ ਮਹੀਨਾਵਾਰ ਮੀਟਿੰਗ ਮੁਲਤਵੀ ਕਰ ਦਿੱਤੀ ਹੈ। ਨਿਗਮ ਤੋਂ ਮਿਲੀ ਸੂਚਾਨ ਅਨੁਸਾਰ ਤਕਨੀਕੀ ਕਰਨਾਂ ਕਰਕੇ ਮੀਟਿੰਗ ਨੂੰ ਮੁਲਤਵੀ ਕੀਤਾ ਗਿਆ ਹੈ। ਹੁਣ ਇਹ ਮੀਟਿੰਗ 30 ਅਪਰੈਲ ਨੂੰ ਹੋਵੇਗੀ।